ਫ਼ਤਹਿਗੜ੍ਹ ਚੂੜੀਆਂ : ਬੀਤੀ ਰਾਤ ਪਿੰਡ ਪੱਤੀ ਤਲਵੰਡੀ ਹਿੰਦੂਆਂ ਵਿਖੇ ਵਿਅਕਤੀ ਵਲੋਂ ਖੰਜ਼ਰ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਰੋਜ਼ੀ ਪਤਨੀ ਸਵ. ਬੱਗਾ ਮਸੀਹ ਵਾਸੀ ਪਿੰਡ ਧਰਮਕੋਟ ਪੱਤਣ ਨੇ ਲਿਖਵਾਇਆ ਕਿ ਬੀਤੇ ਕੱਲ 20 ਨਵਬੰਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਵਿਚ ਉਸਦੇ ਲੜਕੇ ਸਚਿਨ ਦੀ ਡਿਊਟੀ ਲੱਗੀ ਸੀ ਅਤੇ ਰਾਤ ਸਾਢੇ 8 ਵਜੇ ਉਸਦਾ ਲੜਕਾ ਡਿਊਟੀ ਤੋਂ ਫਾਰਗ ਹੋ ਕੇ ਘਰ ਆਇਆ ਤਾਂ ਉਸਨੇ ਦੱਸਿਆ ਕਿ ਸਵੇਰੇ ਸਵਾ 8 ਵਜੇ ਦੇ ਕਰੀਬ ਸਾਹਿਲ ਉਰਫ ਸੈਲੀ ਪੁੱਤਰ ਵਿਲਸਨ ਮਸੀਹ ਅਤੇ ਰਾਜਨ ਪੁੱਤਰ ਰੱਤਾ ਮਸੀਹ ਵਾਸੀਆਨ ਪਿੰਡ ਪੱਤੀ ਤਲਵੰਡੀ ਹਿੰਦੂਆਂ ਦੀ ਵੋਟ ਪਾਉਣ ਤੋਂ ਤਕਰਾਰ ਹੋ ਗਈ ਸੀ, ਜਿਸ ’ਤੇ ਉਹ ਉਹਨਾਂ ਨਾਲ ਫ਼ੈਸਲਾ ਕਰਾਉਣ ਲਈ ਜਾ ਰਿਹਾ ਹੈ। ਜਿਸ ’ਤੇ ਉਸਨੇ ਆਪਣੇ ਲੜਕੇ ਸਚਿਨ ਨੂੰ ਜਾਣ ਤੋਂ ਮਨ੍ਹਾ ਕਰ ਦਿੱਤਾ। ਉਸਤੋਂ ਬਾਅਦ ਸਚਿਨ ਦੇ ਦੋਸਤ ਸੁਨੀਲ ਮਸੀਹ ਪੁੱਤਰ ਸਤਨਾਮ ਵਾਸੀ ਪੱਤੀ ਤਲਵੰਡੀ ਹਿੰਦੂਆਂ ਨੇ ਕਿਸੇ ਬਹਾਨੇ ਨਾਲ ਆਪਣੇ ਘਰ ਬੁਲਾ ਲਿਆ ਅਤੇ ਰਾਤ ਨੂੰ ਸਵਾ 9 ਵੱਜੇ ਹੋਣ ਕਰਕੇ ਜਦੋਂ ਮੇਰਾ ਉਕਤ ਲੜਕਾ ਘਰ ਨਾ ਆਇਆ ਤਾਂ ਉਹ ਉਕਤ ਦੋਸਤ ਦੇ ਘਰ ਚਲੀ ਗਈ, ਜਿਸ ’ਤੇ ਸੁਨੀਲ ਮਸੀਹ ਤੇ ਸਤਨਾਮ ਮਸੀਹ ਨੂੰ ਆਪਣੇ ਬੇਟੇ ਸਚਿਨ ਨਾਲ ਝਗੜਦਿਆਂ ਦੇਖ ਉਸਦੇ ਘਰੋਂ ਨਾਲ ਲੈ ਕੇ ਬਾਹਰ ਆ ਰਹੀ ਸੀ ਤਾਂ ਉਸਦੇ ਦੇਖਦੇ ਹੀ ਦੇਖੇ ਸਤਨਾਮ ਮਸੀਹ ਨੇ ਅੰਦਰੋਂ ਖੰਜ਼ਰ ਲਿਆ ਕੇ ਉਸਦੇ ਬੇਟੇ ਸਚਿਨ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸਦੇ ਪੇਟ ਵਿਚ ਮਾਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ’ਤੇ ਉਕਤ ਵਿਅਕਤੀ ਮੌਕੇ ਤੋਂ ਦੌੜ ਗਿਆ।ਉਕਤ ਬਿਆਨਕਰਤਾ ਔਰਤ ਨੇ ਪੁਲਿਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਕਿ ਇਸਦੇ ਬਾਅਦ ਸੁਨੀਲ ਮਸੀਹ ਨੇ ਆਪਣੇ ਬਚਾਅ ਲਈ ਉਸਦੇ ਲੜਕੇ ਸਚਿਨ ਨੂੰ ਇਲਾਜ ਲਈ ਗੁਰੂ ਨਾਨਕ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਉਸਦੇ ਲੜਕੇ ਨੂੰ ਜ਼ਿਆਦਾ ਸੱਟ ਲੱਗੀ ਹੋਣ ਕਰ ਕੇ ਇਲਾਜ ਦੌਰਾਨ ਸਚਿਨ ਦੀ ਮੌਤ ਹੋ ਗਈ। ਉਧਰ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚ ਓ ਅਮਰਜੀਤ ਮਸੀਹ ਨੇ ਦੱਸਿਆ ਕਿ ਉਕਤ ਮਾਮਲੇ ਦੇ ਸਬੰਧ ਚ ਮ੍ਰਿਤਕ ਨੌਜਵਾਨ ਦੀ ਮਾਤਾ ਰੋਜੀ ਦੇ ਬਿਆਨਾਂ ਦੇ ਆਧਾਰ ਤੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮ੍ਰਿਤਕ ਸਚਿਨ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।