ਜ਼ਿਲਕਾ : ਪੇਪਰਾਂ ਦੇ ਤਣਾਅ ਕਾਰਨ ਅਬੋਹਰ ਇਲਾਕੇ ਦੀ ਈਦਗਾਹ ਬਸਤੀ ਦੇ ਰਹਿਣ ਵਾਲੇ ਵਿਦਿਆਰਥੀ ਨੇ ਵੀਰਵਾਰ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਬੀਏ ਫਾਈਨਲ ਈਅਰ ਦਾ ਵਿਦਿਆਰਥੀ ਸੀ ਜਿਸ ਦਾ ਅੱਜ ਪੇਪਰ ਹੋਣਾ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਹੈ। ਦੁੱਖ ਦੀ ਗੱਲ ਇਹ ਹੈ ਕਿ ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ।ਜਾਣਕਾਰੀ ਅਨੁਸਾਰ ਚਿਰਾਗ ਪੁੱਤਰ ਨੰਦ ਲਾਲ ਉਮਰ ਕਰੀਬ 21 ਸਾਲ ਮਲੋਟ ਦੇ ਨਿੱਜੀ ਕਾਲਜ 'ਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਤੇ ਬੀਏ ਫਾਈਨਲ ਈਅਰ ਦਾ ਵਿਦਿਆਰਥੀ ਸੀ। ਉਸ ਦੇ ਪਰਿਵਾਰ ਵਾਲਿਆਂ ਅਨੁਸਾਰ ਅੱਜ ਉਸ ਦਾ ਪੇਪਰ ਹੋਣਾ ਸੀ ਪਰ ਉਹ ਪਿਛਲੇ 10-15 ਦਿਨਾਂ ਤੋਂ ਪੇਪਰ ਨੂੰ ਲੈ ਕੇ ਪਰੇਸ਼ਾਨ ਸੀ।ਦੇਰ ਸ਼ਾਮ ਉਹ ਇਹ ਕਹਿ ਕੇ ਕਮਰੇ ਵਿੱਚ ਗਿਆ ਕਿ ਉਹ ਪੜ੍ਹਾਈ ਕਰਨਾ ਚਾਹੁੰਦਾ ਹੈ। ਕੁਝ ਦੇਰ ਬਾਅਦ ਜਦੋਂ ਪਰਿਵਾਰਕ ਮੈਂਬਰ ਉਸ ਨੂੰ ਚਾਹ ਦੇਣ ਆਏ ਤਾਂ ਦੇਖਿਆ ਕਿ ਉਹ ਕਮਰੇ ਵਿਚ ਉਸਦੀ ਲਾਸ਼ ਲਟਕ ਰਹੀ ਸੀ। ਜਿਸ 'ਤੇ ਉਹ ਉਸਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਧਰ ਥਾਣਾ ਸਿਟੀ ਵਨ ਦੀ ਪੁਲਸ ਨੇ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾਉਂਦੇ ਹੋਏ ਉਸਦੇ ਚਾਚਾ ਜਗਦੀਸ਼ ਦੇ ਬਿਆਨਾਂ 'ਤੇ 194 ਬੀ.ਐੱਨ.ਐੱਸ. ਤਹਿਤ ਕਾਰਵਾਈ ਕੀਤੀ ਹੈ।