ਬਰਨਾਲਾ, 23 ਨਵੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)–ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 2157 ਵੋਟਾਂ ਦੇ ਫਰਕ ਨਾਲ ਆਪਣੇ ਨਿਕਟ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਕੁਲਦੀਪ ਸਿੰਘ ਕਾਲਾ ਢਿੱਲੋ ਨੇ 28254 ਵੋਟਾਂ ਅਤੇ ਹਰਿੰਦਰ ਸਿੰਘ ਧਾਲੀਵਾਲ ਨੇ 26097 ਵੋਟਾਂ ਪ੍ਰਾਪਤ ਕੀਤੀਆਂ। ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ 17958, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ 16899 ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੇ 7900 ਵੋਟਾਂ ਪ੍ਰਾਪਤ ਕਰਕੇ ਕ੍ਰਮਵਾਰ ਤੀਸਰੇ ਚੌਥੇ ਅਤੇ ਪੰਜਵੇਂ ਸਥਾਨ ਤੇ ਰਹੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੀਨੀਅਰ ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ ਸਾਬਕਾ ਮੈਂਬਰ ਪਾਰਲੀਮੈਂਟ ਵੀ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜਿੱਤ ਤੇ ਵਧਾਈ ਦਿੰਦਿਆਂ ਬਰਨਾਲਾ ਹਲਕੇ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਜਿੱਤ ਕਾਂਗਰਸ ਦੇ ਵਰਕਰਾਂ ਦੀ ਜਿੱਤ ਹੈ, ਕਾਂਗਰਸ ਹਾਈਕਮਾਂਡ ਨੇ ਬਰਨਾਲਾ ਤੋਂ ਵਰਕਰ ਨੂੰ ਟਿਕਟ ਦੇ ਕੇ ਵਰਕਰਾਂ ਦਾ ਹੌਂਸਲਾ ਵਧਾਇਆ, ਜਿਸ ਕਾਰਨ ਜਿੱਤ ਪ੍ਰਾਪਤ ਕੀਤੀ ਉਹਨਾਂ ਕਿਹਾ ਕਿ ਕਾਂਗਰਸ ਦੀ ਜਿੱਤ ਨੇ 2027 ਵਿੱਚ ਕਾਂਗਰਸ ਦੀ ਸਰਕਾਰ ਦਾ ਮੁੱਢ ਬੰਨਿਆ, ਕਿਹਾ ਕਿ ਲੋਕ ਇਸ ਬਦਲਾਅ ਤੋ ਅੱਕ ਚੁੱਕੇ ਹਨ ਅਤੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ, ਇਸ ਦੌਰਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਜਿੱਤ ਤੇ ਕਾਂਗਰਸੀ ਵਰਕਰਾਂ ਵੱਲੋਂ ਢੋਲ ਵਜਾ ਕੇ ਭੰਗੜੇ ਪਾਏ ਗਏ ਤੇ ਲੱਡੂ ਵੰਡੇ ਗਏ। ਇਸ ਮੌਕੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿਨਾਂ ਨੇ ਮੈਨੂੰ ਹਲਕਾ ਬਰਨਾਲਾ ਦੇ ਐਮਐਲਏ ਦੀ ਜ਼ਿੰਮੇਵਾਰੀ ਦੇ ਕੇ ਮਾਣ ਬਖਸ਼ਿਆ ਹੈ। ਉਹਨਾਂ ਕਿਹਾ ਮੈਂ ਹਲਕੇ ਦੇ ਲੋਕਾਂ ਵੱਲੋਂ ਮੇਰੇ ਚ ਪ੍ਰਗਟਾਏ ਗਏ ਵਿਸ਼ਵਾਸ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਅਤੇ ਹਲਕੇ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਾਂਗਾ। ਉਹਨਾਂ ਕਿਹਾ ਕਿ ਇਹ ਜਿੱਤ ਮੇਰੀ ਜਿੱਤ ਨਹੀਂ ਬਲਕਿ ਸਮੁੱਚੇ ਬਰਨਾਲਾ ਹਲਕੇ ਦੇ ਲੋਕਾਂ ਦੀ ਜਿੱਤ ਹੈ। ਦੱਸਣਯੋਗ ਹੈ ਕਿ ਕਾਂਗਰਸ ਦੇ ਕਾਲਾ ਢਿੱਲੋਂ 2157 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 28254 ਵੋਟ ਪਈ/ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ 26097 ਵੋਟਾਂ ਨਾਲ ਦੂਜੇ ਸਥਾਨ ਤੇ ਰਹੇ ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ17958 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ,ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਉਮੀਦਵਾਰ ਗੁਰਦੀਪ ਸਿੰਘ ਬਾਠ 16899, ਵੋਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੋਵਿੰਦ ਸਿੰਘ ਨੂੰ 7900 ਵੋਟਾਂ ਮਿਲੀਆਂ ਪੰਜਵੇਂ ਸਥਾਨ ਤੇ ਰਹੇ, ਆਮ ਆਦਮੀ ਪਾਰਟੀ ਜਿੱਥੇ ਤਿੰਨ ਹਲਕਾ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਥੇ ਬਰਨਾਲਾ ਵਿੱਚ ਬੁਰੀ ਤਰਾਂ ਹਾਰ ਦਾ ਕਾਰਨ ਗੁਰਦੀਪ ਸਿੰਘ ਬਾਠ ਬਣੇ, ਉਹਨਾਂ ਕਾਂਗਰਸ ਹਾਈਕਮਾਂਡ, ਅਹੁਦੇਦਾਰਾਂ ਅਤੇ ਜ਼ਿਲ੍ਹਾ ਬਰਨਾਲਾ ਦੇ ਸਮੂਹ ਵਰਕਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦਿੱਤਾ। ਇਸ ਮੌਕੇ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸ਼ਰਮਾ, ਗੁਰਮੇਲ ਸਿੰਘ ਮੌੜ ਮੈਂਬਰ ਪੀ ਪੀ ਸੀ ਸੀ, ਐਡਵੋਕੇਟ ਜਸਵੀਰ ਸਿੰਘ ਖੇੜੀ, ਜਥੇਦਾਰ ਕਰਮਜੀਤ ਸਿੰਘ ਬਿੱਲੂ, ਡਿੰਪਲ ਉਪਲੀ ਮੱਖਣ ਸ਼ਰਮਾ ਆਦਿ ਅਨੇਕਾਂ ਹੋਰਾਂ ਨੇ ਵੀ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਕਮਿਸ਼ਨ ਏਜੰਟ ਸੁਦਰਸ਼ਨ ਗਰਗ ਆਸਥਾ ਵਾਲੇ, ਬਲਦੇਵ ਸਿੰਘ ਭੁੱਚਰ, ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ, ਸੂਰਤ ਸਿੰਘ ਬਾਜਵਾ ਆਦਿ ਨੇ ਵੀ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਜਿੱਤ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ।