ਨਿਊਜ਼ੀਲੈਂਡ ਪ੍ਰਧਾਨ ਮੰਤਰੀ ਅਤੇ ਏਥਨਿਕ ਮੰਤਰੀ ਵੱਲੋਂ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਨੂੰ ਮਿਲਿਆ ਸੀ
ਕਿੰਗ’ਜ਼ ਕ੍ਰਾਊਨ ਅਤੇ ਪ੍ਰਸੰਸ਼ਾ ਪੱਤਰ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 17 ਜੂਨ, 2023:-ਬਾਕੀ ਸੰਸਾਰ ਵਾਂਗ ਨਿਊਜ਼ੀਲੈਂਡ ਨੇ ਵੀ ਕਰੋਨਾ ਕਾਲ ਦਾ ਸੰਤਾਪ ਬਹੁਤ ਕੌੜੇ ਤਜ਼ਰਬਿਆਂ ਸੰਗ ਹੰਢਾਇਆ ਹੈ, ਪਰ ਇਸ ਮੌਕੇ ਵੱਖ-ਵੱਖ ਤਰ੍ਹਾਂ ਨਾਲ ਲੋਕਾਂ ਦੀ ਸਹਾਇਤਾ ਕਰਕੇ ਬਹੁਤ ਸਾਰੀਆਂ ਸੰਸਥਾਵਾਂ ਨੇ ਸਰਕਾਰੀ ਪੱਧਰ ਉਤੇ ਆਪਣੀ ਪਰਉਪਕਾਰੀ ਪਹੁੰਚ ਨੂੰ ਵੀ ਮਾਨਤਾ ਦਿਵਾਈ ਹੈ।
‘ਨਿਊਜ਼ੀਲੈਂਡ ਸਿੱਖ ਕਮਿਊਨਿਟੀ ‘ਟੌਰੰਗਾ ਟ੍ਰਸਟ’ ਜੋ ਕਿ ‘ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ’ ਦਾ ਪ੍ਰਬੰਧਨ ਕਰਦੀ ਹੈ, ਤੋਂ ਮੁੱਖ ਸੇਵਾਦਾਰ ਸ. ਪੂਰਨ ਸਿੰਘ ਹੋਰਾਂ ਦੱਸਿਆ ਕਿ ਪਿਛਲੇ ਮਹੀਨੇ ਸੰਸਥਾ ਨੂੰ ਉਸ ਵੇਲੇ ਅਤਿਅੰਤ ਖੁਸ਼ੀ ਅਤੇ ਤਸੱਲੀ ਪ੍ਰਗਟ ਹੋਈ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਕ੍ਰਿਸ ਹਿਪਕਿਨਜ਼ ਅਤੇ ਏਥਨਿਕ ਮਾਮਲਿਆਂ ਦੀ ਮੰਤਰੀ ਮਾਣਯੋਗ ਪਿ੍ਰਅੰਕਾ ਰਾਧਾਕ੍ਰਿਸ਼ਨਨ ਵੱਲੋਂ ਕ੍ਰਮਵਾਰ ‘ਕੋਵਿਡ-19 ਰਿਸਪਾਂਸ ਰੀਕੋਗਨੀਸ਼ਨ ਐਵਾਰਡ’ (ਕੋਵਿਡ-19 ਪ੍ਰਤੀ ਜ਼ਿੰਮੇਦਾਰੀ ਨਾਲ ਕੰਮ ਕਰਨ ਲਈ ਮਾਨਤਾ) ਅਤੇ ‘ਸਰਟੀਫਿਕੇਟ ਆਫ ਅਕਨਾਲਿਜ਼ਮੈਂਟ ਐਂਡ ਐਪਰੀਸੀਏਸ਼ਨ’ ਐਵਾਰਡ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਰਾਜੇ ਦੇ ਮੁਕਟ ਦੀ ਨਿਸ਼ਾਨੀ ਵਜੋਂ ‘ਕਿੰਗ’ਜ਼ ਕ੍ਰਾਊਨ’ “he King's 3rown (K3) ਦਾ ਬੈਜ਼ ਵੀ ਪ੍ਰਾਪਤ ਹੋਇਆ। ਇਹ ਬੈਜ ਅਤੇ ਪ੍ਰਸੰਸ਼ਾ ਪੱਤਰ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਸੰਗਤਾਂ ਲਈ ਫਰੇਮ ਕਰਕੇ ਕਿਸੇ ਯੋਗ ਥਾਂ ਉਤੇ ਲਾਈਆਂ ਜਾਣਗੀਆਂ।
ਗੁਰਦੁਆਰਾ ਸਿੱਖ ਸੰਗਤ ਵੱਲੋਂ ਟੌਰੰਗਾ ਪ੍ਰਧਾਨ ਮੰਤਰੀ ਮੰਤਰਾਲੇ ਅਤੇ ਏਥਨਿਕ ਮੰਤਰਾਲੇ ਦਾ ਧੰਨਵਾਦ ਪੱਤਰ ਭੇਜ ਕੇ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਇਸ ਪ੍ਰਸੰਸ਼ਾ ਪੱਤਰ ਲਈ ਸੰਸਥਾ ਵੱਲੋਂ ਸਮੂਹ ਸੰਗਤ ਦਾ ਵੀ ਧੰਨਵਾਦ ਕੀਤਾ ਗਿਆ।