ਕੰਡੇ ਦਾ ਕੰਡਾ
ਇੰਦਰ ਦੇਵਤਾ ਦੀ ਕੰਪਲੈਂਟ
ਡਾ ਅਮਰੀਕ ਸਿੰਘ ਕੰਡਾ
ਇੰਦਰ ਦੇਵਤਾ ਜੀ ਨੇ ਰੱਬ ਨੂੰ ਬੰਦੇ ਦੀ ਕੰਪਲੈਂਟ ਕਰ ਦਿੱਤੀ ਬਈ ਮੈਂ ਇਹਨਾਂ ਬੰਦਿਆਂ ਤੋਂ ਬਹੁਤ ਪਰੇਸ਼ਾਨ ਹਾਂ ਮੈਨੂੰ ਗ੍ਹਾਲਾਂ ਤਾਂ ਕੱਢਦੇ ਹੀ ਕੱਢਦੇ ਨੇ ਮੇਰੇ ਤੋਂ ਪਹਿਲਾਂ ਤੁਹਾਨੂੰ ਗ੍ਹਾਲਾਂ ਤੇ ਤੁਹਾਡੀ ਬੇਝਤੀ ਕਰਦੇ ਆ,ਇਹ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ । ਕੋਈ ਨਾ ਕੋਈ ਹੱਲ ਕਰੋ ਤਾਂ ਰੱਬ ਜੀ ਨੇ ਪੁਛਿਆ ਕੀ ਹੋਇਆ ਇੰਦਰ ਬੜਾ ਦੁਖੀ ਏਂ..? ਰੱਬ ਜੀ ਦੁਖੀ ਨਾ ਹੋਵਾਂ ਤਾਂ ਕੀ ਹੋਵਾਂ ਆ ਤੁਸੀਂ ਵੇਖੋ ਜ਼ਰਾ ਕੁ ਥੱਲੇ ਆ ਸੀਨ ਇੰਦਰ ਨੇ ਰੀਲ ਬੈਕ ਕਰਕੇ ਵਿਖਾਉਂਦੇ ਹੋਏ ਦਸਿਆ ਇਹ ਪੰਜਾਬ ਚ ਇਕ ਨਾ ਇਹ ਪਿੰਡ ਹੈ ਨਾ ਇਹ ਸ਼ਹਿਰ ਇਹਦਾ ਨਾਂ ਹੈ ਮੋਗਾ ਤੇ ਆ ਵੇਖੋ ਪਰਸੋਂ ਲੋਕ ਗਰਮੀ ਨਾਲ ਤੜਫ ਰਹੇ ਸੀ ਉਪਰੋਂ ਹਰ ਰੋਜ਼ ਵਾਂਗ ਬਿਜ਼ਲੀ ਦਾ ਕੱਟ ਲਗਿਆ ਸੀ ਤੇ ਪਕੋੜਿਆਂ,ਛੋਲਿਆਂ,ਚੌਲਾਂ ਤੇ ਠੰਡੇ ਪਾਣੀ, ਮਿੱਠੇ ਸ਼ਰਬਤ ਦਾ ਲੰਗਰ ਲਗਾਈ ਬੈਠੇ ਨੇ ਬੱਸ ਕਹਿੰਦੇ ਨੇ ਮੀਂਹ ਪਾਅਦੇ ਰੱਬਾ ਤੇ ਆਹ ਵੇਖੋ ਦੂਜਾ ਸੀਨ ਕੱਲ ਜਦੋਂ ਮੈਂ ਤਰਸ ਖਾ ਕੇ ਮੀਂਹ ਪਾਇਆ ਤਾਂ ਦੋ ਘੰਟਿਆਂ ਚ ਗੋਡੇ ਗੋਡੇ ਪਾਣੀ ਖੜ ਗਿਆ ਫੇਰ ਕਈ ਤਾਂ ਗ੍ਹਾਲਾਂ ਕੱਢਣ ਲੱਗ ਪਏ “ਬੱਸ ਕਰ ਹੁਣ ਮਾਰਨਾ,ਉਏ ਤਰਸ ਖਾ,ਤੇ ਕਈ ਬੰਦੇ ਤਾਂ ਮੀਂਹ ਹਟਾਉਣ ਦਾ ਲੰਗਰ ਲਗਾਉਣ ਲੱਗ ਪਏ ਕਈ ਪਿੰਡਾਂ ਦੀਆਂ ਬੁੜੀਆਂ ਆਪਣੇ ਜਵਾਕਾਂ ਨੂੰ ਕਹਿੰਦੀਆਂ ਰੱਬ ਨੂੰ ਆਪਣੇ ਚਿੱਤੜ ਵਿਖਾਉ ਆਏਂ ਕਰਨ ਨਾਲ ਰੱਬ ਨੂੰ ਸ਼ਰਮ ਆਊ ਮੀਂਹ ਹਟ ਜਾਊਗਾ ਊਂ ਤਾਂ ਰੱਬ ਨੇ ਹੱਟਣਾ ਨਈਂ ਆਹ ਵੇਖੋ ਇਕ ਮੁਹੱਲੇ ਵਾਲੇ ਕੁੱਤੀ ਕੁੱਤੇ ਦਾ ਵਿਆਹ ਕਰੀ ਜਾਂਦੇ ਨੇ ਤੇ ਮੀਂਹ ਹਟਜੂਗਾ ਹੋਰ ਤਾਂ ਹੋਰ ਮੋਗੇ ਵਾਲਾ ਕੰਡਾ ਇਹਨੂੰ ਵੇਖ ਲਉ ਜਦੋਂ ਇਹਦੇ ਮੁਹੱਲੇ ਦੋ ਦੋ ਫੁੱਟ ਪਾਣੀ ਖੜ ਗਿਆ ਤਾਂ ਕਹਿੰਦਾ “ਰੱਬਾ ਤੇਰੀ ਮਰਜ਼ੀ ਆ, ਲਗਦੈ ਮਰਜ਼ੀ ਦਾ, ਬਈ ਨਾਲੀਆਂ ਸੀਵਰੇਜ ਤੁਹਾਡਾ ਬੰਦ ਪਿਆ, ਪਾਣੀ ਦਾ ਨਿਕਾਸ ਤੁਹਾਡਾ ਨਹੀਂ, ਬਈ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਰੱਬ ਜਮਾਦਾਰ ਬਣ ਜਾਵੇ ਕੰਡੇ ਨੂੰ ਪੁੱਛਣ ਵਾਲਾ ਹੋਵੇ ਬਈ ਤੇਰੇ ਗਵਾਂਢ ਨੈਸਲੇ ਦੀ ਡੇਅਰੀ ਹੈ ਕੰਧ ਨਾਲ ਕੰਧ ਲਗਦੀ ਆ ਕੋਠੈ ਤੇ ਚੜ ਕੇ ਵੇਖ ਉਹਨਾਂ ਦੇ ਭੋਰਾ ਵੀ ਪਾਣੀ ਨਹੀਂ ਖੜਾ ਕਿਉਂ..? ਉਹਨਾਂ ਅੰਗਰੇਜਾਂ ਨੇ ਪਾਣੀ ਦੀ ਢਲਾਣ ਬਣਾਈ ਆ ਵੱਡੇ ਵੱਡੇ ਖੂਹ ਬਣਾਏ ਨੇ ਬਈ ਜਦੋਂ ਬਾਰਿਸ਼ ਹੋਵੇ ਸਾਰਾ ਪਾਣੀ ਮਿੰਟੋ ਮਿੰਟੀ ਧਰਤੀ ਚ ਚਲਿਆ ਜਾਵੇ ਤੁਹਾਡੇ ਵਾਂਗ ਨਹੀਂ ਬਈ ਜੇ ਮੀਂਹ ਪੈ ਗਿਆ ਤਾਂ ਲੰਗਰ ਲਾਅ ਦਿਉ ਜੇ ਨਹੀਂ ਪਿਆ ਤਾਂ ਵੀ ਲੰਗਰ ਲਾਅ ਦਿਉ ।”ਨਾ ਇੱਥੋਂ ਦੀਆਂ ਸਰਕਾਰਾਂ ਕੁਛ ਨਹੀਂ ਕਰਦੀਆਂ ਰੱਬ ਜੀ ਨੇ ਪੁਛਿਆ “ਨਾ ਜੀ ਨਾ ਇੱਥੇ ਦੋ ਪਾਰਟੀਆਂ ਨੇ ਇੱਕ ਕਾਂਗਰਸੀ ਤੇ ਦੂਜੀ ਅਕਾਲੀ ਆ ਬਸ ਵਾਰੀ ਵਾਰੀ ਆਉਂਦੇ ਨੇ ਅੱਜਕਲ ਇੱਥੇ ਫੋਰਲਾਈਨ ਬਣ ਰਹੀ ਆ ਬਹੁਤ ਬੁਰਾ ਹਾਲ ਹੋ ਗਿਆ ਜੀ ਮੀਂਹ ਪੈਣ ਨਾਲ ਤਾਂ ਮੋਗੇ ਦਾ ਤਾਂ ਮੋਘਾ ਬਣ ਗਿਆ ਸੜਕਾਂ ਤੇ ਛੱਪੜ ਬਣ ਗਏ ਜੀ ਰਾਹੀਗਰਾਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਨਾ ਕਰਨਾ ਪੈਂਦਾ । ਤਾਂ ਰੱਬ ਜੀ ਨੂੰ ਗੁੱਸਾ ਆਇਆ ਤੇ ਬੋਲੇ ਇੱਥੋਂ ਦਾ ਰਾਜਾ ਕੌਣ ਹੈ ..? ਅੱਜਕਲ ਤਾਂ ਆਪ ਦੀ ਸਰਕਾਰ ਦਾ ਰਾਜਾ ਹੈ ਜੀ ਕੰਨ ਖਿੱਚਣ ਵਾਲੇ ਨੇ ਰਾਜਾ ਜੀ ਦੇ “ਮੇਰੀ ਉਹਦੇ ਨਾਲ ਮੋਬਾਈਲ ਤੇ ਗੱਲ ਕਰਾਉ ਹਾਂਜੀ ਰੱਬ ਜੀ ਹੁਣ ਤਾਂ ਉਹ ਵਿਦੇਸ਼ ਗਏ ਹੋਏ ਨੇ,ਉਹਨਾਂ ਨੂੰ ਰੋਮਿੰਗ ਪਊਗੀ ਚਲੋ ਉਹਨਾਂ ਕਿਹੜਾ ਆਪਣੀ ਜੇਬ ਚੋਂ ਦੇਣੇ ਨੇ ਲਉ ਗੱਲ ਕਰੋ ਰੱਬ ਜੀ, ਰਾਜਾ ਸਾਹਬ ਲਾਈਨ ਤੇ ਨੇ ਚੰਗੀ ਤਰ੍ਹਾਂ ਖਿੱਚ ਦਿਉ ਤੇ ਰਾਜਾ ਸਾਹਬ ਜੀ ਨੂੰ ਰੱਬ ਜੀ ਬਹੁਤ ਬੋਲੇ ਤੇ ਕਿਹਾ ਤੂੰ ਬੰਦਾ ਬਣਜਾ ਤੇਰੇ ਸਾਰੇ ਸੂਬੇ ਚੋਂ ਰੇਤਾ ਤੇ ਨਸ਼ਾ ਖਤਮ ਕਰਦੂੰਗਾ ਫੇਰ ਕੀ ਸੀ ਉਹਨਾਂ ਨੇ ਪੰਦਰਾਂ ਦਿਨਾਂ ਚ ਹੀ ਬਹੁਤ ਸੋਹਣੀਆਂ ਸੜਕਾਂ ਤੇ ਹਰ ਮੁੱਹਲੇ ਚ ਪਾਣੀ ਦੀ ਢਲਾਣ ਇਕ ਕਰਕੇ ਵੱਡੇ ਖੂਹ ਬਣਾ ਦਿੱਤੇ ਤੇ ਸੜਕਾਂ ਤੇ ਲੱਖਾਂ ਹੀ ਸੱਚੀਮੁੱਚੀ ਦੱਰਖਤ ਤੇ ਫੁੱਲ, ਫਲ ਲਾਅ ਦਿੱਤੇ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ । ਫਿੱਕਾ ਪੰਜਾਬ ਮੁੜ ਰੰਗਲਾ ਪੰਜਾਬ ਹੋ ਗਿਆ ਸੀ । ਤਦੇ ਹੀ ਘਰਵਾਲੀ ਨੇ ਮੈਨੂੰ ਹਲੂਣਦੇ ਹੋਏ ਕਿਹਾ ਉੱਠੋ ਸੁਪਨੇ ਹੀ ਵੇਖੀ ਜਾਉਂਗੇ ਦਫਤਰ ਵੀ ਜਾਣਾ ।
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001 ਪੰਜਾਬ