ਫਿਰੋਜ਼ਪੁਰ: ਆਪਣੇ ਪਿਤਾ ਤੇ ਭਰਾ ਦੀ ਜਾਨ 'ਤੇ ਆਇਆ ਕਥਿਤ ਕਸ਼ਟ ਦੂਰ ਕਰਵਾਉਣ ਲਈ ਬਸਤੀ ਆਹਮੇ ਵਾਲੀ ਦੇ ਡੇਰੇ ਆਈ ਇਕ ਔਰਤ ਨਾਲ ਅਖੌਤੀ ਸਾਧ ਵੱਲੋਂ ਜਬਰ ਜਿਨਾਹ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਮਹਿਲਾ ਅਨੁਸਾਰ ਪਹਿਲੋਂ ਬਾਬੇ ਨੇ ਉਸ ਨੂੰ ਫੋਨ ਕਰ ਕੇ ਉਸਦੇ ਪਿਤਾ ਤੇ ਭਰਾ ਦੀ ਜਾਨ 'ਤੇ ਸੰਕਟ ਆਇਆ ਦੱਸ ਕੇ ਡੇਰੇ ਬੁਲਾਇਆ, ਫਿਰ ਉਸ ਨਾਲ ਜਬਰ ਜਿਨਾਹ ਕਰ ਕੇ ਅਸ਼ਲੀਲ ਤਸਵੀਰਾਂ ਖਿੱਚੀਆਂ।ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਇਕ ਵਿਅਕਤੀ ਖਿਲਾਫ਼ 64, 351 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਹਰਦੀਪ ਸਿੰਘ ਬਾਬਾ ਪੁੱਤਰ ਗੁਰਬਚਨ ਸਿੰਘ ਵਾਸੀ ਬਸਤੀ ਅਹਮੇ ਵਾਲੀ ਦਾਖਲੀ ਲੰਘਿਆਣਾ ਫਿਰੋਜ਼ਪੁਰ ਦਾ ਫੋਨ ਆਇਆ ਕਿ ਤੇਰੇ ਪਿਤਾ ਤੇ ਭਰਾਵਾਂ 'ਤੇ ਸੰਕਟ ਹੈ। ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਤੂੰ ਜਲਦੀ ਮੇਰੇ ਕੋਲ ਆ ਜਾ, ਜਿਸ 'ਤੇ ਉਹ ਹਰਦੀਪ ਸਿੰਘ ਬਾਬਾ ਕੋਲ ਗਈ, ਜਿਸ ਨੇ ਘਰ ਦੇ ਮੇਨ ਗੇਟ ਨੂੰ ਤਾਲ੍ਹਾ ਲਗਾ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਉਸ ਨਾਲ ਗ਼ਲਤ ਹਰਕਤਾਂ ਕਰਨ ਲੱਗਾ।ਪੀੜ੍ਹਤ ਔਰਤ ਨੇ ਦੱਸਿਆ ਕਿ ਉਸ ਦੇ ਵਿਰੋਧ ਕਰਨ ’ਤੇ ਉਸ ਦੀ ਕੁੱਟਮਾਰ ਕੀਤੀ ਤੇ ਕੱਪੜੇ ਪਾ ਦਿੱਤੇ। ਬਾਬੇ ਨੇ ਉਸ ਨਾਲ ਜਬਰ ਜਿਨਾਹ ਕੀਤਾ ਤੇ ਅਸ਼ਲੀਲ ਫੋਟੋਆਂ ਲਈਆਂ। ਪੀੜ੍ਹਤ ਔਰਤ ਨੇ ਦੱਸਿਆ ਕਿ ਹਰਦੀਪ ਸਿੰਘ ਬਾਬਾ ਨੇ ਧਮਕੀਆਂ ਦਿੱਤੀਆਂ ਕਿ ਜੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸਦੇ ਪਿਤਾ ਤੇ ਭਰਾਵਾਂ ਨੂੰ ਜਾਨੋਂ ਮਾਰ ਦੇਵੇਗਾ ਤੇ ਅਸ਼ਲੀਲ ਫੋਟੋਆਂ ਵਾਇਰਲ ਕਰ ਦੇਵੇਗਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਜਵੰਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।