ਬਰਨਾਲਾ, 30 ਅਕਤੂਬਰ (ਬਘੇਲ ਸਿੰਘ ਧਾਲੀਵਾਲ/ਹਿਮਾਂਸ਼ੂ ਗਰਗ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪਾਰਟੀ ਦੇ 22 ਏਕੜ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਪੱਤਰਕਾਰਾਂ ਅਤੇ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਨਾਲਾ ਹਲਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ। ਨਸ਼ੇ ਦੇ ਕਾਰੋਬਾਰੀ ਬੇਖੌਫ ਹੋ ਕੇ ਨਸ਼ੇ ਦਾ ਵਪਾਰ ਕਰ ਰਹੇ ਹਨ ਅਤੇ ਇਹਨਾਂ ਨਸ਼ਿਆਂ ਕਰਕੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਇਹ ਨਸ਼ਿਆਂ ਦੀ ਮਾਰ ਦਾ ਅਸਰ ਹੀ ਹੈ ਕਿ ਸ਼ਹਿਰ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵੀ ਬੇਇੰਤਹਾ ਵਾਧਾ ਹੋਇਆ ਹੈ। ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਦੀ ਬਜਾਏ ਮੂਕ ਦਰਸ਼ਕ ਬਣੀ ਪ੍ਰਤੀਤ ਨਜ਼ਰ ਆਉਂਦੀ ਹੈ। ਜੇਕਰ ਲੋਕ ਚੋਰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਹਨ ਤਾਂ ਪੁਲਿਸ ਵੱਲੋਂ ਪੈਸੇ ਲੈ ਕੇ ਚੋਰ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਚੋਰੀ ਦੀ ਕੰਪਲੇਂਟ ਕਰਨ ਵਾਲਿਆਂ ਉੱਪਰ ਸਮਝੌਤੇ ਲਈ ਦਬਾਅ ਬਣਾਇਆ ਜਾਂਦਾ ਹੈ, ਜਿਸ ਕਾਰਨ ਲੁਟੇਰਿਆਂ ਤੇ ਚੋਰਾਂ ਦੇ ਹੌਸਲੇ ਹੋਰ ਵਧਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਾਡੀ ਪਾਰਟੀ ਦੀ ਜਿੱਤ ਹੁੰਦੀ ਹੈ ਤਾਂ ਉਹ ਲੋਕਾਂ ਦੀ ਆਪਣੀ ਜਿੱਤ ਹੋਵੇਗੀ। ਸਭ ਤੋਂ ਪਹਿਲਾਂ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਯਤਨ ਕਰਾਂਗੇ, ਤਾਂ ਜੋ ਸ਼ਹਿਰ ਦੇ ਵਿਗੜ ਰਹੇ ਹਾਲਾਤਾਂ ਨੂੰ ਕੰਟਰੋਲ ਵਿੱਚ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੱਕ ਪੰਥਕ ਪਾਰਟੀ ਹੈ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਲੋਕ ਹੱਕਾਂ ਦੀ ਗੱਲ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ, ਆਪਣੇ ਵਪਾਰ ਨੂੰ ਬਚਾਉਣ ਲਈ ਅਤੇ ਮੌਜੂਦਾ ਸਰਕਾਰ ਤੋਂ ਵਾਅਦਾ ਖਿਲਾਫੀ ਦਾ ਹਿਸਾਬ ਚੁੱਕਤਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰਾਂ ਦਾ ਸਾਥ ਦਿਓ। ਇਸਤੋਂ ਪਹਿਲਾਂ ਬੀਬੀ ਰਜਿੰਦਰ ਕੌਰ ਜੈਤੋ ਸੂਬਾ ਪ੍ਰਧਾਨ ਇਸਤਰੀ ਬਿੰਗ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸੀਨੀਅਰ ਆਗੂ ਜਥੇਦਾਰ ਬਲਦੇਵ ਸਿੰਘ ਗਗੜਾ ਨੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਇਸ ਮੌਕੇ ਜਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ, ਪ੍ਰਿੰਸੀਪਲ ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਖੁੱਡੀ, ਜਥੇਦਾਰ ਜਸਵਿੰਦਰ ਸਿੰਘ ਚੰਦ ਭਾਨ, ਸਿਮਰ ਸਿੰਘ ਕਾਂਝਲਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।