ਬਰਨਾਲਾ, 15 ਨਵੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਦੀ ਚੋਣ ਮੁਹਿਮ ਨੂੰ ਵੱਖ-ਵੱਖ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ। ਚੋਣ ਰੁਝੇਵਿਆਂ ਦੇ ਬਾਵਜੂਦ ਗੋਵਿੰਦ ਸਿੰਘ ਸੰਧੂ ਵੱਲੋਂ ਆਪਣਾ ਮੂਲੁ ਪਛਾਣੁ ਲਹਿਰ ਚਲਾ ਕੇ ਜੋ ਨਸ਼ਿਆਂ ਨੂੰ ਖਤਮ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ, ਉਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਗੋਵਿੰਦ ਸਿੰਘ ਸੰਧੂ ਨੂੰ ਆਪਣੀਆਂ ਸ਼ਲਾਘਾਯੋਗ ਕੋਸ਼ਿਸ਼ਾਂ ਸਦਕਾ ਆਏ ਦਿਨ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਯੂਨੀਅਨਾਂ ਦਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਇਸੇ ਲੜੀ ਤਹਿਤ ਜਿੱਥੇ ਪਿਛਲੇ ਦਿਨੀਂ ਗ੍ਰੰਥੀ ਸਿੰਘਾਂ, ਵਪਾਰੀ ਵੀਰਾਂ, ਮਿਸਤਰੀ ਭਾਈਚਾਰੇ, ਦੋਧੀ ਵੀਰਾਂ ਅਤੇ ਟਰੱਕ ਆਪਰੇਟਰਾਂ ਵੱਲੋਂ ਵੱਖ-ਵੱਖ ਸਮਾਗਮਾਂ ਵਿੱਚ ਸ. ਗੋਵਿੰਦ ਸਿੰਘ ਸੰਧੂ ਨੂੰ ਹਮਾਇਤ ਦੇਣ ਦਾ ਭਰੋਸਾ ਦਿੱਤਾ ਗਿਆ, ਉਥੇ ਹੀ ਅੱਜ ਹੋਏ ਇੱਕ ਮੀਟਿੰਗ ਦੌਰਾਨ ਡਾਕਟਰ ਸਾਹਿਬਾਨਾਂ ਵੱਲੋਂ ਵੀ ਗੋਵਿੰਦ ਸਿੰਘ ਸੰਧੂ ਨੂੰ ਸਾਥ ਦੇਣ ਦਾ ਭਰੋਸਾ ਦਿਵਾਇਆ ਗਿਆ। ਅੱਜ ਵੱਖ-ਵੱਖ ਥਾਵਾਂ ’ਤੇ ਚੋਣ ਪ੍ਰਚਾਰ ਕਰਦਿਆਂ ਗੋਵਿੰਦ ਸਿੰਘ ਸੰਧੂ ਵੱਲੋਂ ਜਿੱਥੇ ਹਲਕੇ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਾਥ ਦੇਣ ਦੀ ਅਪੀਲ ਕੀਤੀ ਗਈ, ਉੱਥੇ ਹੀ ਆਪਣੀ ਹੋਂਦ ਨੂੰ ਬਚਾਉਣ ਲਈ ਬਾਣੀ ਅਤੇ ਸੱਭਿਆਚਾਰ ਨਾਲ ਜੁੜ ਕੇ ਨਸ਼ਿਆਂ ਦੇ ਖਾਤਮੇ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸ. ਸੰਧੂ ਨੇ ਵੱਖ ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਨਸ਼ਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਸਾਡੀ ਹੋਂਦ ਖਤਮ ਕਰਨ ਲਈ ਮੁੱਖ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਇਸ ਲਈ ਸਾਨੂੰ ਆਪਣਾ ਮੂਲ ਪਛਾਣਦੇ ਹੋਏ ਨਸ਼ੇ ਦੇ ਖਿਲਾਫ ਸਖਤ ਸਟੈਂਡ ਲੈਣਾ ਚਾਹੀਦਾ। ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਨਸ਼ੇ ਨੂੰ ਬੜਾਵਾ ਦੇ ਕੇ ਸਾਨੂੰ ਆਰਥਿਕ, ਮਾਨਸਿਕ ਤੇ ਸਰੀਰਕ ਪੱਖੋਂ ਕਮਜ਼ੋਰ ਕਰਕੇ ਸਾਨੂੰ ਸਾਡੇ ਸੱਭਿਆਚਾਰ, ਸਾਡੇ ਧਰਮ ਅਤੇ ਵਿਰਸੇ ਤੋਂ ਦੂਰ ਕੀਤਾ ਜਾ ਰਿਹਾ। ਪੰਜਾਬ ਨੂੰ ਬਚਾਉਣ ਲਈ ਨਸ਼ਿਆਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਨਸਲਾਂ ਨੂੰ ਬਚਾਉਣ ਵਿੱਚ ਸਫਲ ਹੋ ਜਾਂਦੇ ਹਾਂ ਤਾਂ ਯਕੀਨਨ ਅਸੀਂ ਆਪਣੀਆਂ ਫਸਲਾਂ ਅਤੇ ਕਾਰੋਬਾਰਾਂ ਨੂੰ ਬਚਾਉਣ ਵਿੱਚ ਵੀ ਸਫਲ ਹੋ ਜਾਵਾਂਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਵਿਗੜ ਰਹੀ ਲਾਅ ਤੇ ਆਰਡਰ ਦੀ ਸਥਿਤੀ ਨੂੰ ਸੁਧਾਰਨ ਲਈ, ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਸਹੀ ਸੇਧ ਦੇਣ ਲਈ, ਸਰਕਾਰਾਂ ਤੋਂ ਬਣਦੇ ਹੱਕ ਲੈਣ ਲਈ ਅਤੇ ਪੰਜਾਬੀਆਂ ਦੀ ਹੋਂਦ ਨੂੰ ਖਤਮ ਕਰਨ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਉੱਪਰ ਨਕੇਲ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਡੱਟ ਕੇ ਸਾਥ ਦਿੱਤਾ ਜਾਵੇ। ਇਸ ਮੌਕੇ ਉਹਨਾਂ ਦੇ ਨਾਲ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਸਥਾਨਕ ਪਿੰਡਾਂ ਦੀਆਂ ਇਕਾਈਆਂ ਦੇ ਆਗੂ ਵੀ ਹਾਜ਼ਰ ਸਨ।