ਵਲਟੋਹਾ : ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਸੰਧੂਆਂ ਦੇ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਸਰਪੰਚ ਜਰਮਲ ਸਿੰਘ ਠੇਕੇਦਾਰ ਵੱਲੋਂ 30 ਲੱਖ ਰੁਪਏ ਦੀ ਫਰੌਤੀ ਨਾ ਦੇਣ ’ਤੇ ਲੰਘੀ ਦੇਰ ਰਾਤ ਬਾਈਕ ਸਵਾਰ ਤਿੰਨ ਅਣਪਛਾਤਿਆਂ ਨੇ ਸਰਪੰਚ ਦੀ ਫਾਰਚੂਨਰ ਗੱਡੀ ਉੱਪਰ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿਚ ਸਰਪੰਚ ਅਤੇ ਉਸਦਾ ਡਰਾਈਵਰ ਗੋਲੀ ਲੱਗਣ ਨਾਲ ਜਖਮੀ ਹੋ ਗਏ। ਜਦੋਂਕਿ ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਦੂਜੇ ਪਾਸੇ ਥਾਣਾ ਵਲਟੋਹਾ ਦੀ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਤੋਂ ਇਲਾਵਾ ਤਿੰਨ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਜਰਮਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਉਹ ਪਿੰਡ ਵਲਟੋਹਾ ਸੰਧੂਆ ਦਾ ਮੌਜੂਦਾ ਸਰਪੰਚ ਹੈ। ਉਸਨੇ ਦੱਸਿਆ ਕਿ 3 ਨਵੰਬਰ 2024 ਨੂੰ ਉਸਦੇ ਮੋਬਾਇਲ ’ਤੇ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ। ਅੱਗੋਂ ਬੋਲਣ ਵਾਲੇ ਨੇ ਆਪਣੇ ਆਪ ਨੂੰ ਪ੍ਰਭ ਦਾਸੂਵਾਲ ਦੱਸਿਆ ਅਤੇ 30 ਲੱਖ ਦੀ ਫਿਰੋਤੀ ਦੀ ਮੰਗੀ। ਉਸ ਵੱਲੋ ਪੈਸੇ ਨਾ ਦੇਣ ’ਤੇ ਪ੍ਰਭਦੀਪ ਸਿੰਘ ਦਾਸੂਵਾਲ ਨੇ ਆਪਣੇ ਸਾਥੀਆ ਰਾਂਹੀ 2 ਦਸੰਬਰ 2024 ਨੂੰ ਉਸਦੀ ਆੜ੍ਹਤ ਦੀ ਦਾਣਾ ਮੰਡੀ ਅਮਰਕੋਟ ਵਿਖੇ ਦੁਕਾਨ ਉੱਪਰ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ ਅਤੇ ਲਗਾਤਾਰ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਰਿਹਾ। ਪਰ ਉਸ ਨੇ ਪੈਸੇ ਨਾ ਦੇਣ ’ਤੇ ਫਿਰ 5 ਫਰਵਰੀ ਨੂੰ ਦੁਪਹਿਰ ਵੇਲੇ ਉਸਦੀ ਆੜ੍ਹਤ ਦੀ ਦੁਕਾਨ ’ਤੇ ਪ੍ਰਭਦੀਪ ਸਿੰਘ ਦਾਸੂਵਾਲ ਨੇ ਆਪਣੇ ਸਾਥੀਆਂ ਫਾਇਰਿੰਗ ਕਰਵਾ ਦਿੱਤੀ। ਮੰਗਲਵਾਰ ਦੇਰ ਸ਼ਾਮ ਉਹ ਆਪਣੇ ਡਰਾਈਵਰ ਮੇਜਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭੂਰਾ ਕਰੀਮਪੁਰਾ ਨਾਲ ਆਪਣੀ ਫਾਰਚੂਨਰ ਗੱਡੀ ’ਤੇ ਸਵਾਰ ਹੋ ਕੇ ਪੰਚਾਇਤੀ ਨਾਲੇ ਦਾ ਕੰਮ ਕਾਰ ਵੇਖ ਕੇ ਕਰੀਬ ਸਵਾ 6 ਵਜੇ ਆਪਣੇ ਘਰ ਨੂੰ ਜਾ ਰਿਹਾ ਸੀ। ਜਦੋ ਉਹ ਬਾਪੂ ਬਚਨ ਸਿੰਘ ਠੇਕੇਦਾਰ ਦੀ ਯਾਦਗਾਰ ਵਲਟੋਹਾ ਕੋਲ ਪੁੱਜੇ ਤਾਂ ਤਾਂ ਇਕ ਮੋਟਰਸਾਈਕਲ ’ਤੇ ਤਿੰਨ ਅਣਪਛਾਤੇ ਨੌਜਵਾਨ ਆਏ ਜਿੰਨਾ ਨੇ ਮੋਟਰਸਾਈਕਲ ਗੱਡੀ ਦੇ ਬਰਾਬਰ ਕਰਕੇ ਉਨ੍ਹਾਂ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਦੱਸਿਆ ਕਿ ਇਕ ਗੋਲੀ ਉਸਦੇ ਡਰਾਇਵਰ ਦੇ ਖੱਬੇ ਹੱਥ ਅਤੇ ਇਕ ਗੋਲੀ ਉਸਦੇ ਸੱਜੇ ਕੰਨ ’ਤੇ ਲੱਗੀ। ਹਮਲੇ ਦੌਰਾਨ ਡਰਾਇਵਰ ਨੇ ਗੱਡੀ ਭਜਾ ਲਈ ਤਾਂ ਬਾਈਕ ਸਵਾਰਾਂ ਨੇ ਗੱਡੀ ਉੱਪਰ ਕਈ ਹੋਰ ਗੋਲੀਆਂ ਚਲਾਈਆਂ ਜਿਸ ਨਾਲ ਗੱਡੀ ਦਾ ਵੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਉਨ੍ਹਾਂ ਪਿੱਛੇ ਆ ਰਹੇ ਗੁਰਚੇਤ ਸਿੰਘ ਅਤੇ ਹਰਮਿੰਦਰ ਸਿੰਘ ਵਾਸੀ ਵਲਟੋਹਾ ਆਪਣੀ ਗੱਡੀ ਹਮਲਵਰਾਂ ਦੇ ਪਿੱਛੇ ਲਗਾਈ ਪਰ ਉਹ ਮੋਟਰਸਾਈਕਲ ਭਜਾਉਣ ਵਿਚ ਸਫਲ ਹੋ ਗਏ। ਉਹ ਤੇ ਉਸਦਾ ਡਰਾਈਵਰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖਲ ਹਨ। ਇਸ ਸਬੰਧੀ ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਚਰਨ ਸਿੰਘ ਨੇ ਦੱਸਿਆ ਕਿ ਪ੍ਰਭ ਦਾਸਵਾਲ ਅਤੇ ਤਿੰਨ ਅਣਪਛਾਤਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਦੋਕਿ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਲਈ ਕਾਰਵਾਈ ਸ਼ੁਰੂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।