ਬਰਨਾਲਾ, 10 ਨਵੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਪਰ ਭਰਵਾਂ ਹੁੰਗਾਰਾ ਮਿਲਿਆ, ਜਦੋਂ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਐਮ.ਸੀ. ਮਨਪ੍ਰੀਤ ਸਿੰਘ ਮਨੀ ਅਤੇ ਐਮ.ਸੀ. ਨਾਜ਼ਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਸ਼ਾਮਿਲ ਹੋ ਕੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਉਪਰੋਕਤ ਆਗੂਆਂ ਨੇ ਇਹ ਐਲਾਨ ਹੰਡਿਆਇਆ ਵਿਖੇ ਹੋਈ ਇੱਕ ਚੋਣ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਸ. ਸੰਧੂ ਨੇ ਕਿਹਾ ਕਿ ਅਸੀਂ ਪੰਜਾਬ ਬਚਾਉਣ ਲਈ ਹਰ ਲੋਕ ਪੱਖੀ ਧਿਰ ਦਾ ਪਾਰਟੀ ਨਾਲ ਜੁੜਨ ’ਤੇ ਸਵਾਗਤ ਕਰਦੇ ਹਾਂ। ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਬੁਰੇ ਹਨ। ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਨਸ਼ੇ ਦੇ ਵਪਾਰੀ ਬੇਖੌਫ ਹੋ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ, ਜਿਸ ਨਾਲ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਹਾਲਾਤ ਇਹ ਹਨ ਕਿ ਅੱਜ ਪੰਜਾਬ ਦਾ ਹਰ ਵਰਗ ਦੁਖੀ ਹੋ ਕੇ ਸੜਕਾਂ ਉੱਪਰ ਧਰਨੇ ਦੇਣ ਲਈ ਮਜਬੂਰ ਹੋ ਰਿਹਾ। ਉਹਨਾਂ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਪੰਜਾਬ ਸਰਕਾਰ ਦੇ ਆਗੂ ਪੰਜਾਬ ਦੇ ਕਿਹੜੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦੀ ਗੱਲ ਕਰ ਰਹੇ ਹਨ, ਜਦੋਂ ਕਿ ਵੱਖ-ਵੱਖ ਵਰਗਾਂ ਦੇ ਰੂਪ ਵਿੱਚ ਸਾਰੇ ਪੰਜਾਬ ਦੇ ਲੋਕ ਇਹਨਾਂ ਦੀਆਂ ਕੋਠੀਆਂ ਅੱਗੇ ਧਰਨੇ ਲਾ ਕੇ ਬੈਠੇ ਹਨ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਨੇ ਸ. ਸੰਧੂ ਸਮੇਤ ਹਾਜ਼ਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੋਵਿੰਦ ਸਿੰਘ ਸੰਧੂ ਇਮਾਨਦਾਰ, ਸੂਝਵਾਨ ਅਤੇ ਪੜੇ ਲਿਖੇ ਨੌਜਵਾਨ ਆਗੂ ਹਨ, ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਚੰਗੀ ਸੇਧ ਦੇਣਾ ਚਾਹੁੰਦੇ ਹਨ। ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਇੱਕ ਚੰਗੇ ਸਮਾਜ ਦੀ ਸਿਰਜਣਾ ਦੀ ਉਮੀਦ ਜਾਗੀ ਹੈ, ਜਿਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਜੁੜ ਕੇ ਉਹਨਾਂ ਦੀ ਹਮਾਇਤ ਕਰਨ ਦਾ ਮਨ ਬਣਾਇਆ। ਉਹਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵੰਸ਼ ਵਿੱਚੋਂ ਕੋਈ ਸਾਡੇ ਹਲਕੇ ਨੂੰ ਸਿਹਤ ਦੇਣ ਲਈ ਅੱਗੇ ਆਇਆ ਹੈ। ਇਸ ਮੌਕੇ ਬਾਬਾ ਈਸ਼ਰ ਸਿੰਘ ਬੁੰਗਾ ਮਸਤੂਆਣਾ ਸ੍ਰੀ ਦਮਦਮਾ ਸਾਹਿਬ ਵਾਲੇ, ਡਾਕਟਰ ਹਰਜਿੰਦਰ ਸਿੰਘ ਜੱਖੂ, ਬੀਬੀ ਨਵਨੀਤ ਕੌਰ ਲੰਬੀ, ਐਡਵੋਕੇਟ ਜਗਮੀਤ ਸਿੰਘ, ਕੁਲਦੀਪ ਸਿੰਘ ਬਰਾੜ, ਰਫਤਾਰ ਰਾਇ, ਹੰਡਿਆਇਆ ਇਕਾਈ ਤੋਂ ਸ਼ਿੰਦਰਪਾਲ ਸਿੰਘ, ਬਲਜੀਤ ਕੌਰ ਮੈਂਬਰ, ਕਰਮਜੀਤ ਕੌਰ ਮੈਂਬਰ, ਜਗਪਾਲ ਸਿੰਘ, ਜਗਦੇਵ ਸਿੰਘ ਮੈਂਬਰ, ਬੀਬੀ ਸੁਰਜੀਤ ਕੌਰ,ਜਗਸੀਰ ਸਿੰਘ ਮੰਡੇਰ, ਮਲਕੀਤ ਸਿੰਘ, ਮਾਸਟਰ ਬੱਗੜ ਸਿੰਘ, ਮਾਸਟਰ ਧਰਮ ਸਿੰਘ, ਬਲਵੀਰ ਸਿੰਘ ਦੋਧੀ, ਮਨਪ੍ਰੀਤ ਸਿੰਘ ਸਮੇਤ ਹੋਰ ਵੱਡੀ ਗਿਣਤੀ ’ਚ ਆਗੂ ਅਤੇ ਵਰਕਰ ਹਾਜ਼ਰ ਸਨ।