ਬਠਿੰਡਾ : ਜ਼ਿਲ੍ਹੇ ਅੰਦਰ ਜਿੱਥੇ ਚਿੱਟੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ, ਉਥੇ ਚਿੱਟਾ ਨਾ ਮਿਲਣ ਕਾਰਨ ਵੀ ਇਕ ਨੌਜਵਾਨ ਨੇ ਵੀ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਮਾਨਸਾ ਰੋਡ 'ਤੇ ਸੁਸ਼ਾਂਤ ਸਿਟੀ ਗੇਟ ਨੰਬਰ 1 ਦੇ ਸਾਹਮਣੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ 'ਤੇ ਪੁਲਿਸ ਚੌਕੀ ਕੋਟਸ਼ਮੀਰ ਦੇ ਇੰਚਾਰਜ ਰਾਜਪਾਲ ਸਿੰਘ ਅਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਰਾਜਿੰਦਰ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਇਕ ਖਾਲੀ ਪਲਾਂਟ ਵਿਚ ਇਕ ਨੌਜਵਾਨ ਦੀ ਲਾਸ਼ ਪਈ ਸੀ। ਨੌਜਵਾਨ ਦੇ ਕੋਲ ਇਕ ਟੀਕਾ ਅਤੇ ਇਕ ਲਾਈਟਰ ਪਿਆ ਸੀ। ਇਹ ਜਾਪਦਾ ਹੈ ਕਿ ਨੌਜਵਾਨ ਦੀ ਮੌਤ ਚਿੱਟੇ ਦਾ ਟੀਕਾ ਲਗਾਉਣ ਕਾਰਨ ਹੋਈ ਹੈ। ਸਹਾਰਾ ਟੀਮ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ। ਮ੍ਰਿਤਕ ਦੀ ਪਛਾਣ ਨਹੀ ਹੋ ਸਕੀ ਹੈ, ਪੁਲਿਸ ਜਾਂਚ ਕਰ ਰਹੀ ਹੈ। ਨੌਜਵਾਨ ਦੀ ਲਾਸ਼ ਨੂੰ ਸਹਾਰਾ ਟੀਮ ਨੇ ਸੁਰੱਖਿਅਤ ਰੱਖਿਆ ਹੈ ਅਤੇ ਉਸਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਕ ਹੋਰ ਨੌਜਵਾਨ ਦੀ ਗਈ ਜਾਨ
ਇਸ ਤਰ੍ਹਾਂ ਹੀ ਸ਼ਹਿਰ ’ਚ ਇਕ ਨੌਜਵਾਨ ਦੀ ਚਿੱਟਾ ਨਾ ਮਿਲਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਦਿਨ ਪਹਿਲਾਂ ਰੇਲਵੇ ਮਾਲ ਗੁਦਾਮ ਦੇ ਨੇੜੇ ਇਕ ਨੌਜਵਾਨ ਬੇਹੋਸ਼ ਪਿਆ ਮਿਲਿਆ ਸੀ। ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਨੇ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਕੇ ਉਸਦਾ ਇਲਾਜ ਸ਼ੁਰੂ ਕਰਵਾਇਆ ਸੀ। ਨੌਜਵਾਨ ਨੇ ਸਹਾਰਾ ਟੀਮ ਨੂੰ ਦੱਸਿਆ ਕਿ ਉਹ ਪਹਿਲਾਂ ਚਿੱਟੇ ਦਾ ਨਸ਼ਾ ਕਰਦਾ ਸੀ, ਪਰ ਹੁਣ ਉਸਨੂੰ ਕੁੱਝ ਸਮੇਂ ਤੋਂ ਚਿੱਟਾ ਨਹੀਂ ਮਿਲ ਰਿਹਾ ਹੈ ਅਤੇ ਇਸ ਲਈ ਉਸਦੀ ਸਿਹਤ ਵਿਗੜ ਗਈ ਹੈ। ਨੌਜਵਾਨ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਬਿਨਾਂ ਚਿੱਟੇ ਦੇ ਰਹਿ ਰਿਹਾ ਹੈ। ਸਹਾਰਾ ਟੀਮ ਉਕਤ ਨੌਜਵਾਨ ਦੀ ਦੇਖਭਾਲ ਕਰ ਰਹੀ ਸੀ ਕਿ ਬੀਤੇ ਐਤਵਾਰ ਸਵੇਰੇ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਨੇ ਆਪਣਾ ਨਾਮ ਰਾਜੂ ਵਾਸੀ ਰਾਮਪੁਰਾ ਫੂਲ ਦੱਸ ਰਿਹਾ ਸੀ। ਸਹਾਰਾ ਟੀਮ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਰੱਖ ਲਿਆ ਹੈ।