ਬਠਿੰਡਾ : ਨਗਰ ਨਿਗਮ ਦਾ ਇੰਸਪੈਕਟਰ ਪਲਵਿੰਦਰ ਸਿੰਘ ਰਿਸ਼ਵਤ ਦੀ ਰਕਮ ਖੁਦ ਲੈਣ ਦੀ ਬਜਾਏ ਪ੍ਰਾਈਵੇਟ ਆਰਕੀਟੈਕਟ ਨੂੰ ਦੇਣ ਲਈ ਕਹਿੰਦਾ ਸੀ। ਉਹ ਵਿਜੀਲੈਂਸ ਦੇ ਡਰ ਤੋਂ ਖੁਦ ਰਿਸ਼ਵਤ ਦੀ ਰਕਮ ਹਾਸਲ ਨਹੀਂ ਕਰਦਾ ਸੀ ਪਰ ਇਸ ਦੇ ਬਾਵਜੂਦ ਵੀ ਉਹ ਵਿਜੀਲੈਂਸ ਵੱਲੋਂ ਵਿਛਾਏ ਜਾਲ ਵਿਚ ਫਸ ਹੀ ਗਿਆ। ਨਗਰ ਨਿਗਮ ਦਾ ਉਕਤ ਇੰਸਪੈਕਟਰ ਪ੍ਰਾਈਵੇਟ ਆਰਕੀਟੈਕਟ ਹਨੀ ਮੁੰਜਾਲ ਰਾਹੀ ਰਿਸ਼ਵਤ ਦੀ ਰਕਮ ਹਾਸਲ ਕਰਦਾ ਸੀ। ਹੁਣ ਉਸਨੇ ਇਕ ਨੇ ਕਾਲੋਨੀ ਦਾ ਨਕਸ਼ਾ ਪਾਸ ਕਰਵਾਉਣ ਲਈ 80 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਰਿਸ਼ਵਤ ਦੇ ਪੈਸੇ ਉਕਤ ਪ੍ਰਾਈਵੇਟ ਆਰਕੀਟੈਕਟ ਕੋਲ ਦੇਣ ਲਈ ਕਿਹਾ ਸੀ।ਵਿਜੀਲੈਂਸ ਦੀ ਟੀਮ ਨੇ ਨਗਰ ਨਿਗਮ ਦੇ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਪ੍ਰਾਈਵੇਟ ਆਰਕੀਟੈਕਟ ਹਨੀ ਮੁੰਜਾਲ ਨੂੰ 30,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਨ ਦੇ ਸਬੰਧ ਵਿਚ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਇੰਸਪੈਕਟਰ ਅਤੇ ਪ੍ਰਾਈਵੇਟ ਵਿਅਕਤੀ ਵਿਰੁੱਧ ਇਹ ਮਾਮਲਾ ਸੰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਸੀ ਕਿ ਉਸ ਵੱਲੋ ਆਪਣੇ ਦੋਸਤ ਦੀਨਵ ਸਿੰਗਲਾ ਪੁੱਤਰ ਸਰੂਪ ਚੰਦ ਸਿੰਗਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਇਕ ਕਾਲੋਨੀ ਸ੍ਰੀ ਮਨੋਹਰ ਅਸਟੇਟ ਦੇ ਨਾਮ ’ਤੇ ਅਮਰਪੁਰਾ ਰੋਡ ਬਠਿੰਡਾ ਵਿਖੇ ਕੱਟੀ ਗਈ ਹੈ, ਜਿਸ ਦਾ ਨਕਸ਼ਾ ਪਾਸ ਕਰਵਾਉਣ ਸਬੰਧੀ ਫਾਇਲਾਂ ਨਗਰ ਨਿਗਮ ਬਠਿੰਡਾ ਵਿਖੇ ਆਰਕੀਟੈਕਟ ਰਾਹੀ ਆਨ-ਲਾਈਨ ਭੇਜੀਆਂ ਗਈਆਂ ਸਨ। ਉਨ੍ਹਾਂ ਵੱਲੋਂ ਵਾਰ-ਵਾਰ ਦਫਤਰ ਨਗਰ ਨਿਗਮ ਜਾਣ ਪਰ ਵੀ ਇੰਸਪੈਕਟਰ ਪਲਵਿੰਦਰ ਸਿੰਘ ਨਕਸ਼ਾ ਪਾਸ ਨਹੀਂ ਕਰ ਰਿਹਾ ਸੀ।
ਉਹ ਨਗਰ ਨਿਗਮ ਵੱਲੋ ਫਾਈਲਾਂ ’ਤੇ ਜੁਬਾਨੀ ਇਤਰਾਜ਼ ਲਗਾ ਕੇ ਵਾਪਸ ਭੇਜ ਰਿਹਾ ਸੀ। 20 ਜਨਵਰੀ 2025 ਮੁੜ ਨਕਸ਼ਾ ਪਾਸ ਕਰਵਾਉਣ ਲਈ ਇਕ ਫਾਈਲ ਆਰਕੀਟੈਕਟ ਰਾਹੀਂ ਦਫਤਰ ਨਗਰ ਨਿਗਮ ਵਿਖੇ ਭੇਜੀ ਗਈ, ਜਿਸ ਕਰ ਕੇ ਉਹ ਦਫਤਰ ਨਗਰ ਨਿਗਮ ਵਿਖੇ ਗਿਆ ਤਾਂ ਇੰਸਪੈਕਟਰ ਪਲਵਿੰਦਰ ਸਿੰਘ ਨੇ ਕਿਹਾ ਕਿ ਨਕਸ਼ੇ ਪਾਸ ਕਰਵਾਉਣੇ ਹਨ ਤਾਂ ਮੈਨੂੰ ਪ੍ਰਤੀ ਫਾਈਲ 30,000 ਰੁਪਏ ਬਤੌਰ ਰਿਸ਼ਵਤ ਦਿਓ ਨਹੀਂ ਤਾਂ ਉਹ ਫਾਈਲਾਂ ’ਤੇ ਇਤਰਾਜ਼ ਲਗਾ ਦੇਵਾਗਾ। ਇੰਸਪੈਕਟਰ ਨੇ ਸਾਰੀਆਂ ਫਾਈਲਾਂ ਨੂੰ ਪਾਸ ਕਰਵਾਉਣ ਲਈ ਕਰੀਬ 80,000 ਰੁਪਏ ਰਿਸ਼ਵਤ ਦੀ ਮੰਗ ਕੀਤੀ, ਪਰ ਉਹ ਉਕਤ ਰਿਸ਼ਵਤੀ ਰਕਮ ਦੇਣ ਦਾ ਝੂਠਾ ਵਾਅਦਾ ਕਰ ਆਇਆ।
ਇਸ ਤੋਂ ਬਾਅਦ ਇੰਸਪੈਕਟਰ ਪਲਵਿੰਦਰ ਸਿੰਘ ਨੇ ਪੀੜਤ ਨੂੰ ਫੋਨ ਪਰ ਮੈਸਜ ਭੇਜ ਕੇ ਰਿਸ਼ਵਤ ਦੀ ਰਕਮ ਦਫਤਰ ਨਗਰ ਨਿਗਮ ਨੇੜੇ ਹਨੀ ਮੁੰਜਾਲ ਨਾਮ ਦੇ ਵਿਅਕਤੀ ਨੂੰ ਫੜਾਉਣ ਲਈ ਕਿਹਾ। ਬੁਲਾਰੇ ਦੱਸਿਆ ਕਿ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੀ ਟੀਮ ਨੇ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਜਾਲ ਵਿਛਾਇਆ, ਪ੍ਰਾਈਵੇਟ ਵਿਅਕਤੀ ਹਨੀ ਮੁੰਜ਼ਾਲ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਮੌਕਾ ’ਤੇ ਰੰਗੀ ਹੱਥੀ ਸੰਦੀਪ ਸਿੰਘ ਪਾਸੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜ ਲਿਆ ਅਤੇ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਉਕਤ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਹਨੀ ਮੁੰਜਾਲ ਪ੍ਰਾਈਵੇਟ ਵਿਅਕਤੀ ਵਿਰੁੱਧ ਮੁਕੱਦਮਾ ਅ/ਧ 7, 7 ਏ ਪੀਸੀ ਐਕਟ 1988 ਐਜ ਅਮੈਡਿਡ ਬਾਏ ਪੀਸੀ (ਅਮੈਡਮੈਂਟ )ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।