ਡੇਰਾ ਬਾਬਾ ਨਾਨਕ: ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਖੁੱਲ੍ਹਿਆ ਸ਼੍ਰੀ ਕਰਤਾਰਪੁਰ ਲਾਂਘਾ ਜੋ ਬਟਵਾਰੇ ਦੇ ਵਿਛੜਿਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ, ਉੱਥੇ ਦੋਹਾਂ ਦੇਸ਼ਾਂ ਵੱਲੋਂ ਰੱਖੀ ਪਾਸਪੋਰਟ ਅਤੇ 20 ਡਾਲਰ ਦੀ ਸ਼ਰਤ ਕਾਰਨ ਲੱਖਾਂ ਸ਼ਰਧਾਲੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਵਾਂਝੇ ਹਨ। ਜਿਸ ਦੇ ਮੱਦੇਨਜ਼ਰ ਨਾਨਕ ਨਾਮ ਲੇਵਾ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਸਰਕਾਰ ਤੋਂ 20 ਡਾਲਰ ਫ਼ੀਸ ਅਤੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਉਠਾਈ ਹੈ।ਦੱਸ ਦਈਏ ਕਿ ਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਦੀ ਇੱਕ ਮੰਤਰੀ ਸਰਹੱਦ ਤੇ ਬਣੇ ਪੈਸੰਜਰ ਟਰਮੀਨਲ ਰਾਹੀਂ ਬਾਰਡਰ ਏਰੀਏ ਦੇ ਪਿੰਡਾਂ ਦੀ ਪ੍ਰਮੁੱਖ ਸਿੱਖਿਆ ਸੰਸਥਾ ਭਾਈ ਗੁਰਦਾਸ ਮਾਡਰਨ ਸਕੂਲ ਦੀ ਮੈਨੇਜਮੈਂਟ ਤੇ ਚੇਅਰਮੈਨ ਬਲਬੀਰ ਸਿੰਘ ਕਾਹਲੋਂ, ਪ੍ਰਿੰਸੀਪਲ ਬਲਜਿੰਦਰ ਕੌਰ ਸਮੇਤ 387 ਸ਼ਰਧਾਲੂਆਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ। ਇੱਥੇ ਦੱਸਣ ਯੋਗ ਕਿ ਬੁੱਧਵਾਰ ਨੂੰ 491 ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਮਿਲੀ ਸੀ। ਇਸ ਤੋਂ ਪਹਿਲੇ ਦਿਨ ਮੰਗਲਵਾਰ ਨੂੰ ਲਾਂਘੇ ਰਾਹੀਂ 440 ਸ਼ਰਧਾਲੂਆਂ ਵੱਲੋਂ ਦਰਸ਼ਨ ਕੀਤੇ ਸਨ। ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂ ਬਲਬੀਰ ਸਿੰਘ ਕਾਹਲੋ, ਬਲਜਿੰਦਰ ਕੌਰ, ਸਹਿਨਾਜ ਕਾਹਲੋਂ, ਰਣਜੀਤ ਕੌਰ, ਐੱਨਆਰਆਈ ਓਂਕਾਰ ਸਿੰਘ ਕਾਹਲੋਂ ਆਦਿ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਪਹਿਲੀ ਵਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਕੇ ਪਰਤੇ ਹਨ। ਉਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕੀਤੇ ਅਤੇ ਲੰਗਰ ਛਕਿਆ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਵੱਲੋਂ ਖੋਲਿਆ ਗਿਆ ਲਾਂਘਾ ਸਰਕਾਰਾਂ ਦਾ ਸ਼ਲਾਘਾਯੋਗ ਕਦਮ ਹੈ ਅਤੇ ਇਸ ਲਾਂਘੇ ਰਾਹੀਂ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਹਨ। ਇਸ ਮੌਕੇ ਤੇ ਉਹਨਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਰਤਾਰਪੁਰ ਪੈਸੰਜਰ ਟਰਮੀਨਲ ਵਿੱਚ ਤੈਨਾਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਚੰਗੇ ਵਤੀਰੇ ਦੀ ਵੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਤੇ ਪੰਥਕ ਅਕਾਲੀ ਲਹਿਰ ਦੇ ਆਗੂ ਭਾਈ ਰਣਜੀਤ ਸਿੰਘ ਖਾਲਸਾ, ਦਲ ਖਾਲਸਾ ਦੇ ਭਾਈ ਬਿਕਰਮਜੀਤ ਸਿੰਘ ਭੱਟੀ, ਖਾਲਸਾ ਪੰਚਾਇਤ ਦੇ ਭਾਈ ਰਜਿੰਦਰ ਸਿੰਘ ਭੰਗੂ,ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਲੋਕਲ ਕਮੇਟੀ ਦੇ ਪ੍ਰਧਾਨ ਰਹੇ ਭਾਈ ਦਲਵਿੰਦਰ ਸਿੰਘ ਬਿੱਟੂ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਮੌਕੇ ਖੋਲੇ ਗਏ ਲਾਂਘੇ ਦੌਰਾਨ ਰੋਜ਼ਾਨਾ 5000 ਸ਼ਰਧਾਲੂਆਂ ਦੇ ਦਰਸ਼ਨ ਕਰਨ ਦੇ ਪ੍ਰਬੰਧ ਕੀਤੇ ਹੋਏ ਹਨ ਜਦਕਿ 20 ਡਾਲਰ ਦੀ ਫੀਸ ਅਤੇ ਪਾਸਪੋਰਟ ਦੀ ਸ਼ਰਤ ਕਾਰਨ ਸ਼ਰਧਾਲੂ ਕੇਵਲ ਸੈਂਕੜਿਆਂ ਦੀ ਗਿਣਤੀ ਵਿੱਚ ਹੀ ਸ਼ਰਧਾਲੂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਸਪੋਰਟ ਅਤੇ 20 ਡਾਲਰ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ ਆਧਾਰ ਕਾਰਡ ਦੇ ਜਰੀਏ ਹੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾਣ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਲਗਾਈਆਂ ਸ਼ਰਤਾਂ ਖਤਮ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਗੁਰਦੁਆਰੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਸਕਣ।