ਪਟਿਆਲਾ : ਭਾਖੜਾ ਨਹਿਰ ’ਚੋਂ ਮੰਗਲਵਾਰ ਨੂੰ ਮਿਲੀ ਲੜਕੀ ਦੀ ਲਾਸ਼ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਦੀ ਰਹਿਣ ਵਾਲੀ ਨਿਸ਼ਾ (22) ਵਜੋਂ ਪਛਾਣ ਹੋਈ ਹੈ। ਜਾਣਕਾਰੀ ਅਨੁਸਾਰ ਨਿਸ਼ਾ ਏਅਰ ਹੋਸਟਸ ਦਾ ਕੋਰਸ ਕਰ ਰਹੀ ਸੀ ਅਤੇ ਚੰਡੀਗੜ੍ਹ ਸੈਕਟਰ 34 ’ਚ ਪੀਜੀ ’ਚ ਰਹਿ ਰਹੀ ਸੀ। ਉਹ 20 ਜਨਵਰੀ ਤੋਂ ਲਾਪਤਾ ਸੀ ਤੇ 21 ਜਨਵਰੀ ਦੀ ਸ਼ਾਮ ਨੂੰ ਨਿਸ਼ਾ ਦੀ ਲਾਸ਼ ਭਾਖੜਾ ਨਹਿਰ ’ਚੋਂ ਪਸਿਆਣਾ ਪੁੱਲ ਕੋਲੋਂ ਅਰਧ ਨਗਨ ਹਾਲਤ ’ਚ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰਾਂ ਨੇ ਬਾਹਰ ਕੱਢਿਆ ਸੀ।ਬੁੱਧਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਰੋਪੜ ਜ਼ਿਲ੍ਹੇ ਦੇ ਸਿੰਘ ਭਗਵੰਤਪੁਰ ਥਾਣੇ ਦੀ ਪੁਲਿਸ ਟੀਮ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਰੋਪੜ ਲੈ ਗਈ ਜਿੱਥੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਨਿਸ਼ਾ ਦੇ ਪ੍ਰੇਮੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਘ ਭਗਵੰਤਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸੁਨੀਲ ਨੇ ਦੱਸਿਆ ਕਿ ਨਿਸ਼ਾ ਸੋਨੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਏਅਰ ਹੋਸਟਸ ਦਾ ਕੋਰਸ ਕਰਨ ਲਈ ਚੰਡੀਗੜ੍ਹ ਆਈ ਸੀ। ਇੱਥੇ ਉਹ ਪੀਜੀ ’ਚ ਰਹਿ ਰਹੀ ਸੀ ਅਤੇ ਉਸ ਦੀ ਦੋਸਤੀ ਯੁਵਰਾਜ ਨਾਮਕ ਨੌਜਵਾਨ ਨਾਲ ਹੋ ਗਈ ਜੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ 20 ਜਨਵਰੀ ਦੀ ਸ਼ਾਮ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ’ਚ ਨਿਸ਼ਾ ਨੂੰ ਆਪਣੇ ਪ੍ਰੇਮੀ ਯੁਵਰਾਜ ਨਾਲ ਜਾਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਉਸ ਦਾ ਫ਼ੋਨ ਲਗਾਤਾਰ ਬੰਦ ਆ ਰਿਹਾ ਸੀ। ਪਰਿਵਾਰ ਨੇ ਪੁਲਿਸ ਕੋਲ ਨਿਸ਼ਾ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਦੀਆਂ ਤਸਵੀਰਾਂ ਸਾਰੇ ਥਾਣਿਆਂ ਨੂੰ ਭੇਜੀਆਂ ਗਈਆਂ ਸਨ ਜਿਸ ਤੋਂ ਬਾਅਦ ਦੇਰ ਰਾਤ ਰੋਪੜ ਪੁਲਿਸ ਨਾਲ ਸੰਪਰਕ ਕਰਨ ਤੋਂ ਬਾਅਦ 22 ਜਨਵਰੀ ਨੂੰ ਲਾਸ਼ ਦੀ ਪਛਾਣ ਹੋ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਬਿਆਨਾਂ ਦੇ ਆਧਾਰ 'ਤੇ ਰੋਪੜ ਪੁਲਿਸ ਨੇ ਮਿ੍ਤਕ ਲੜਕੀ ਦੇ ਪ੍ਰੇਮੀ ਯੁਵਰਾਜ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਿਲਹਾਲ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।