ਕਿਸ਼ਨਗੜ: ਕਾਲਾ ਬੱਕਰਾ ਨਜ਼ਦੀਕ ਸੋਮਵਾਰ ਤੜਕਸਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਦਿੱਲੀ ਤੋਂ ਜੰਮੂ ਜਾ ਰਹੀ ਇੱਕ ਟੂਰਿਸਟ ਬੱਸ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਗੰਭੀਰ ਜ਼ਖਮੀ ਹੋ ਗਏ।ਐਸਐਸਐਫ ਫੋਰਸ ਅਨੁਸਾਰ ਬੱਸ ਅਸ਼ੋਕ ਬੱਸ ਸਰਵਿਸ ਦੀ ਸੀ ਅਤੇ ਯਾਤਰੀਆਂ ਨੂੰ ਲੈ ਕੇ ਜੰਮੂ ਜਾ ਰਹੀ ਸੀ। ਇਹ ਹਾਦਸਾ ਕਾਲਾ ਬੱਕਰਾ ਨੇੜੇ ਵਾਪਰਿਆ, ਜਿੱਥੇ ਬੱਸ ਇੱਕ ਟਰੈਕਟਰ ਟਰਾਲੀ ਨਾਲ ਟਕਰਾ ਗਈ ਅਤੇ ਟਰਾਲੀ ਪਲਟ ਗਈ। ਟੱਕਰ ਤੋਂ ਬਾਅਦ ਬੱਸ ਵਿੱਚ ਹਫੜਾ-ਦਫੜੀ ਮਚ ਗਈ ਅਤੇ ਨੇੜਲੇ ਇਲਾਕਿਆਂ ਦੇ ਲੋਕ ਮੌਕੇ 'ਤੇ ਪਹੁੰਚ ਗਏ।ਮ੍ਰਿਤਕਾਂ ਦੀ ਪਛਾਣ ਜੰਮੂ ਦੇ ਰਿਆਸੀ ਦੇ ਰਹਿਣ ਵਾਲੇ ਸੁਖਵੰਤ ਸਿੰਘ ਅਤੇ ਦਿੱਲੀ ਦੇ ਉੱਤਮ ਨਗਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਕਰੇਨ ਦੀ ਮਦਦ ਨਾਲ ਬੱਸ ਨੂੰ ਸਾਈਡ 'ਤੇ ਕਰਵਾ ਕੇ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਾਲੂ ਕਰਵਾਇਆ। ਪੁਲਿਸ ਵੱਲੋਂ ਹਾਦਸੇ ਸਬੰਧੀ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।