ਬਰਨਾਲਾ , 18 ਨਵੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਦੇ ਹੱਕ ਵਿੱਚ ਸੋਮਵਾਰ ਨੂੰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਵਪਾਰ ਮੰਡਲ ਬਰਨਾਲਾ ਵੱਲੋਂ ਪ੍ਰਧਾਨ ਅਨਿਲ ਬਾਂਸਲ ਨਾਹਨਾ ਨੇ ਕੀਤੀ।
ਇਹ ਪੈਦਲ ਮਾਰਚ ਹੰਡਿਆਇਆ ਬਾਜ਼ਾਰ ਤੋਂ ਸ਼ੁਰੂ ਹੋ ਕੇ ਰੇਲਵੇ ਸਟੇਸ਼ਨ, ਭਗਤ ਸਿੰਘ ਚੌਂਕ, ਫਰਵਾਹੀ ਬਾਜ਼ਾਰ, ਜੁੱਤੀਆਂ ਵਾਲਾ ਮੋਰਚਾ, ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ, ਸਰਕਾਰੀ ਹਸਪਤਾਲ, ਗੱਡਾ ਖਾਨਾ ਚੌਂਕ ਹੁੰਦਾ ਹੋਇਆ ਪਾਰਟੀ ਦੇ 22 ਏਕੜ ਸਥਿਤ ਦਫਤਰ ਵਿਖੇ ਪਹੁੰਚ ਕੇ ਸੰਪੰਨ ਹੋਇਆ। ਇੱਥੇ ਵਰਨਣਯੋਗ ਹੈ ਕਿ ਪੈਦਲ ਮਾਰਚ ਦਾ ਵੱਖ-ਵੱਖ ਥਾਵਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸ਼ਹਿਰ ਦੇ ਦੁਕਾਨਦਾਰ ਆਪ ਮੁਹਾਰੇ ਪੈਦਲ ਮਾਰਚ ਵਿੱਚ ਸ਼ਾਮਿਲ ਹੋ ਕਿ ਗੋਵਿੰਦ ਸਿੰਘ ਸੰਧੂ ਨੂੰ ਡਟਵੀਂ ਹਮਾਇਤ ਦੇਣ ਦਾ ਭਰੋਸਾ ਦਿਵਾ ਰਹੇ ਸਨ। ਆਲਮ ਇਹ ਸੀ ਕਿ ਜਿੱਥੋਂ ਵੀ ਪੈਦਲ ਮਾਰਚ ਲੰਘ ਰਿਹਾ ਸੀ, ਸ਼ਹਿਰ ਨੂੰ ਪੰਥਕ ਰੰਗ ਵਿੱਚ ਰੰਗਦਾ ਹੋਇਆ ਪ੍ਰਤੀਤ ਨਜ਼ਰ ਆ ਰਿਹਾ ਸੀ। ਪੈਦਲ ਮਾਰਚ ਵਿੱਚ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ, ਪਿੰਡਾਂ ਅਤੇ ਵਾਰਡਾਂ ਦੀਆਂ ਇਕਾਈਆਂ ਦੇ ਆਗੂ ਅਤੇ ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।