ਲੁਧਿਆਣਾ : ਹੋਜ਼ਰੀ ਫੈਕਟਰੀ ’ਚ ਕੰਮ ਕਰਦੇ ਪਰਿਵਾਰ ’ਤੇ ਕੱਪੜੇ ਚੋਰੀ ਕਰਨ ਦਾ ਦੋਸ਼ ਲਾ ਕੇ ਉਨ੍ਹਾਂ ਦੇ ਮੂੰਹ ਕਾਲੇ ਕਰ ਕੇ ਇਲਾਕੇ ’ਚ ਘੁਮਾਉਣ ਦੇ ਮਾਮਲੇ ’ਚ ਪੁਲਿਸ ਨੇ ਐਕਸ਼ਨ ਲੈ ਲਿਆ ਹੈ। ਇਸ ਮਾਮਲੇ ’ਚ ਫੈਕਟਰੀ ਮਾਲਕ ਤੇ ਉਸ ਦੇ ਦੋ ਵਰਕਰਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਹੀ ਨਹੀਂ, ਇਸ ਸ਼ਰਮਨਾਕ ਘਟਨਾ ਦਾ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈਂਦੇ ਹੋਏ ਪੁਲਿਸ ਨੂੰ ਇਸ ਮਾਮਲੇ ਦੀ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਹ ਘਟਨਾ ਬਸਤੀ ਜੋਧੇਵਾਲ ਸਥਿਤ ਏਕਜੋਤ ਨਗਰ ਇਲਾਕੇ ’ਚ ਹੋਈ ਸੀ। ਹੋਜ਼ਰੀ ਫੈਕਟਰੀ ’ਚ ਪਰਿਵਾਰ ਦੇ ਪੰਜ ਮੈਂਬਰ ਕੰਮ ਕਰਦੇ ਹਨ। ਫੈਕਟਰੀ ਮਾਲਕ ਨੇ ਸੀਸੀਟੀਵੀ ’ਚ ਕੱਪੜੇ ਚੋਰੀ ਕਰਨ ਦੀ ਗੱਲ ਸਾਹਮਣੇ ਆਉਣ ’ਤੇ ਮਾਂ, ਪੁੱਤਰ ਤੇ ਤਿੰਨ ਧੀਆਂ ਦਾ ਮੂੰਹ ਕਾਲਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਗਲੀਆਂ ’ਚ ਘੁਮਾਇਆ ਸੀ। ਇਸ ਦੌਰਾਨ ਲੋਕ ਤਮਾਸ਼ਾ ਦੇਖਦੇ ਰਹੇ ਤੇ ਕਈ ਸ਼ਰਾਰਤੀ ਨੌਜਵਾਨ ਉਨ੍ਹਾਂ ’ਤੇ ਭੱਦੇ ਕੁਮੈਂਟ ਵੀ ਕਰਦੇ ਦਿਸੇ। ਇਸ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਹੁਣ ਮਾਮਲੇ ’ਚ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਫੈਕਟਰੀ ਮਾਲਕ ਪਲਵਿੰਦਰ ਸਿੰਘ, ਉਨ੍ਹਾਂ ਦੇ ਦੋ ਵਰਕਰਾਂ ਮਨਪ੍ਰੀਤ ਸਿੰਘ ਤੇ ਮੁਹੰਮਦ ਕੈਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ’ਚ ਰੇਡ ਕੀਤੀ, ਪਰ ਮਾਲਕ ਫ਼ਰਾਰ ਹੋ ਗਿਆ ਜਦਕਿ ਉਸ ਦੇ ਦੋਵਾਂ ਵਰਕਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਪਰਿਵਾਰ ਏਕਜੋਤ ਨਗਰ ’ਚ ਪਿਛਲੇ ਲਗਪਗ ਦਸ ਸਾਲ ਤੋਂ ਰਹਿ ਰਿਹਾ ਹੈ ਤੇ ਮੂਲ ਰੂਪ ਨਾਲ ਪਿੰਡ ਸੰਦੇਲਾ, ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ।
ਦੀਪ ਕਲੈਕਸ਼ਨ ਨਾਂ ਦੀ ਫੈਕਟਰੀ ’ਚ ਪੁੱਜੀ ਪੁਲਿਸ, ਵਰਕਰ ਚੜ੍ਹੇ ਹੱਥੇ
ਥਾਣਾ ਜੋਧੇਵਾਲ ਦੀ ਪੁਲਿਸ ਬੁੱਧਵਾਰ ਸਵੇਰੇ 11 ਵਜੇ ਦੀਪ ਕਲੈਕਸ਼ਨ ਨਾਂ ਦੀ ਫੈਕਟਰੀ ’ਚ ਪੁੱਜ ਗਈ, ਜਿੱਥੇ ਪਰਿਵਾਰ ਦੇ ਨਾਲ ਬੇਇਨਸਾਫ਼ੀ ਕੀਤੀ ਗਈ ਸੀ, ਪਰ ਮਾਲਕ ਫ਼ਰਾਰ ਮਿਲਿਆ। ਹਾਲਾਂਕਿ ਵੀਡੀਓ ਬਣਾਉਣ ਤੇ ਪਰਿਵਾਰ ਦਾ ਮੂੰਹ ਕਾਲਾ ਕਰਨ ਵਾਲੇ ਦੋਵੇਂ ਮੁਲਜ਼ਮ ਵਰਕਰ ਪੁਲਿਸ ਦੇ ਹੱਥੇ ਚੜ੍ਹ ਗਏ। ਇਸ ਤੋਂ ਬਾਅਦ ਪੁਲਿਸ ਦੀ ਟੀਮ ਪੀੜਤ ਪਰਿਵਾਰ ਦੇ ਘਰ ਗਈ ਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕੀਤੀ।
ਮਹਿਲਾ ਤੇ ਬਾਲ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ, ਮੰਗੀ ਰਿਪੋਰਟ
ਇਸ ਮਾਮਲੇ ’ਚ ਮਹਿਲਾ ਕਮਿਸ਼ਨ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਇਕ ਨੋਟਿਸ ਭੇਜਿਆ ਹੈ। ਇਸ ’ਚ ਉਨ੍ਹਾਂ ਨੇ ਪੁਲਿਸ ਤੋਂ ਇਸ ਮਾਮਲੇ ਦੀ ਰਿਪੋਰਟ 23 ਜਨਵਰੀ ਤੱਕ ਪੇਸ਼ ਕਰਨ ਲਈ ਕਿਹਾ ਹੈ। ਇਹ ਰਿਪੋਰਟ ਈਮੇਲ ਰਾਹੀਂ ਮੰਗਵਾਈ ਗਈ ਹੈ। ਇਸ ਤੋਂ ਬਾਅਦ ਉਹ ਅਗਲੀ ਕਾਰਵਾਈ ਕਰਨਗੇ। ਉਥੇ ਇਸ ਮਾਮਲੇ ’ਚ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਡੀਸੀ ਤੇ ਸੀਪੀ ਨੂੰ ਐਕਸ਼ਨ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਸੱਤ ਦਿਨ ’ਚ ਰਿਪੋਰਟ ਪੇਸ਼ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਕਿਹਾ ਹੈ। ਇਸ ਨਾਲ ਹੀ ਪੁਲਿਸ ਨੂੰ ਲਿਖਿਆ ਹੈ ਕਿ ਬੱਚਿਆਂ ਦੀ ਕੋਈ ਵੀ ਵੀਡੀਓ ਜਾਂ ਫੋਟੋ ਕੋਈ ਵਾਇਰਲ ਕਰਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।
ਪੀੜਤ ਮਹਿਲਾ ਦੇ ਬਿਆਨ...
ਮੁੰਡੇ ਤੋਂ ਮੂੰਹ ਕਾਲੇ ਕਰਵਾਏ, ਡੰਡਿਆਂ ਨਾਲ ਕੁੱਟਿਆ
ਕੁੜੀਆਂ ਦੀ ਮਾਂ ਨੇ ਆਪਣੇ ਬਿਆਨਾਂ ’ਚ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਨਾਲ ਰਹਿਣ ਵਾਲੇ ਨੌਜਵਾਨ ਨੇ ਚੋਰੀ ਕੀਤੀ ਹੈ। ਉਸ ਨੇ ਕਮਰੇ ’ਚ ਸਾਮਾਨ ਲਿਆ ਕੇ ਵੇਚਿਆ। ਉਨ੍ਹਾਂ ਦੀ ਸਿਰਫ਼ ਏਨੀ ਗ਼ਲਤੀ ਹੈ ਕਿ ਉਨ੍ਹਾਂ ਨੇ ਉਸ ਨੌਜਵਾਨ ਤੋਂ ਚੋਰੀ ਦਾ ਮਾਲ ਖ਼ਰੀਦ ਲਿਆ। ਫੈਕਟਰੀ ਮਾਲਕ ਨੇ ਨੌਜਵਾਨ ਤੋਂ ਸਭ ਦੇ ਮੂੰਹ ਕਾਲੇ ਕਰਵਾਏ। ਉਨ੍ਹਾਂ ਲੋਕਾਂ ਨੇ ਮੈਨੂੰ ਤੇ ਮੇਰੀਆਂ ਧੀਆਂ ਨੂੰ ਡੰਡੇ ਨਾਲ ਕੁੱਟਿਆ। ਸਾਨੂੰ ਇਲਾਕੇ ’ਚ ਘੁਮਾ ਕੇ ਜ਼ਲੀਲ ਕੀਤਾ ਗਿਆ, ਜਿਸ ਨੂੰ ਜ਼ਿੰਦਗੀ ਭਰ ਭੁੱਲ ਨਹੀਂ ਸਕਣਗੇ।
ਵਰਕਰਾਂ ਦੀ ਸਲਾਹ ਲੈ ਕੇ ਕਰਵਾਇਆ ਮੂੰਹ ਕਾਲਾ : ਮਾਲਕ
ਮੀਡੀਆ ਨਾਲ ਫ਼ੋਨ ’ਤੇ ਗੱਲਬਾਤ ਕਰਦੇ ਹੋਏ ਮਾਲਿਕ ਪਲਵਿੰਦਰ ਸਿੰਘ ਨੇ ਕਿਹਾ ਕਿ ਔਰਤ ਤੇ ਨੌਜਵਾਨ ਤਿੰਨ-ਚਾਰ ਮਹੀਨੇ ਪਹਿਲਾਂ ਉਸ ਦੀ ਫੈਕਟਰੀ ’ਚ ਕੰਮ ਕਰਨ ਆਏ ਸਨ। ਦੋ ਮਹੀਨੇ ਪਹਿਲਾਂ ਉਸ ਦੀਆਂ ਤਿੰਨ ਧੀਆਂ ਵੀ ਆ ਗਈਆਂ। ਤਿੰਨ-ਚਾਰ ਮਹੀਨੇ ਤੋਂ ਫੈਕਟਰੀ ’ਚ ਚੋਰੀ ਹੋ ਰਹੀ ਸੀ, ਇਸ ਲਈ ਉਸ ਨੇ ਸੀਸੀਟੀਵੀ ਕੈਮਰਿਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰੰਗੇ ਹੱਥੀਂ ਫੜਿਆ। ਹੋਰ ਮੁਲਾਜ਼ਮਾਂ ਤੇ ਆਲੇ-ਦੁਆਲੇ ਦੇ ਲੋਕਾਂ ਦੀ ਸਲਾਹ ਲੈ ਕੇ ਹੀ ਚੋਰੀ ਕਰਨ ਵਾਲਿਆਂ ਤੋਂ ਖ਼ੁਦ ਉਨ੍ਹਾਂ ਦੇ ਮੂੰਹ ਕਾਲੇ ਕਰਨ ਲਈ ਕਿਹਾ ਗਿਆ ਸੀ।
ਮਾਮਲਾ ਸਾਡੇ ਨੋਟਿਸ ’ਚ ਆਉਂਦੇ ਹੀ ਤੁਰੰਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ’ਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਘਟਨਾ ਸ਼ਰਮਨਾਕ ਹੈ। ਅਪਰਾਧ ਕਰਨ ਵਾਲਿਆਂ ਨੂੰ ਇਸ ਦੀ ਸਖ਼ਤ ਸਜ਼ਾ ਦਿੱਤੀ ਜਾਵੇਗੀ।
-ਸ਼ੁਭਮ ਅਗਰਵਾਲ, ਡੀਸੀਪੀ ਇਨਵੈਸਟੀਗੇਸ਼ਨ