, ਬਠਿੰਡਾ : ਸਵੈ ਸਹਾਇਤਾ ਗਰੁੱਪ ਕੰਮ ਕਰਨ ਵਾਲੀ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਦੀ ਰੁਪਿੰਦਰ ਕੌਰ ਨੇ ਨਵੀਂ ਦਿੱਲੀ ਵਿਚ ਰਾਸ਼ਟਰੀ ਅਜੀਵਿਕਾ ਸਿਖ਼ਰ ਸੰਮੇਲਨ ਵਿਚ ਵਿਸ਼ੇਸ਼ ਬੁਲਾਰੇ ਵਜੋਂ ਪਹੁੰਚ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਮਨੁੱਖ ਜੇਕਰ ਮਿਹਨਤ ਕਰੇ ਤਾਂ ਉਹ ਕਿਸੇ ਵੀ ਮੁਕਾਮ ’ਤੇ ਪਹੁੰਚ ਸਕਦਾ ਹੈ। ਐਕਸੈਸ ਡਿਵੈਲਪਮੈਂਟ ਨੇ ਨੀਤੀ ਆਯੋਗ ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿਚ ਇਕ ਰਾਸ਼ਟਰੀ ਅਜੀਵਿਕਾ ਸਿਖ਼ਰ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਸਵੈ-ਸਹਾਇਤਾ ਸਮੂਹਾਂ ਰਾਹੀਂ ਪੇਂਡੂ ਖੇਤਰਾਂ ਦੇ ਲੋਕਾਂ ਨਾਲ ਜੁੜ ਕੇ ਅਜੀਵਿਕਾ ਵਿਚ ਤਬਦੀਲੀ ਲਿਆਉਣ ਦੀਆਂ ਪਹਿਲਕਦਮੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਨਫਰੰਸ ਵਿਚ ਉਨ੍ਹਾਂ ਲਖਪਤੀ ਦੀਦੀਆਂ ਨੂੰ ਸੱਦਾ ਦਿੱਤਾ ਗਿਆ, ਜੋ ਦੇਸ਼ ਭਰ ਦੇ ਪੇਂਡੂ ਖੇਤਰਾਂ ਵਿਚ ਪ੍ਰੇਰਣਾਦਾਇਕ ਮਿਸਾਲ ਬਣ ਗਈਆਂ ਹਨ, ਜਿਨ੍ਹਾਂ ਦੇ ਯਤਨ ਨਾ ਸਿਰਫ ਦੂਜਿਆਂ ਲਈ ਮਾਰਗ ਦਰਸ਼ਕ ਸਾਬਤ ਹੋਏ, ਬਲਕਿ ਉਨ੍ਹਾਂ ਦੁਆਰਾ ਸਾਂਝੀਆਂ ਕੀਤੀਆਂ ਉਨ੍ਹਾਂ ਦੀ ਸਫਲਤਾ ਦੀਆਂ ਕਹਾਣੀਆਂ ਨੂੰ ਸੁਣਨ ਵਿਚ ਇਕ ਨਵਾਂ ਵਿਸ਼ਵਾਸ ਵੀ ਪੈਦਾ ਕੀਤਾ। ਬਠਿੰਡਾ ਦੇ ਪਿੰਡ ਪੱਕਾ ਕਲਾਂ ਵਿਖੇ ਐੱਚਪੀਸੀਐੱਲ-ਮਿੱਤਲ ਐਨਰਜੀ ਲਿਮਟਿਡ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਸਵੈ-ਸਹਾਇਤਾ ਸਮੂਹ ਦੀ ਮੈਂਬਰ ਰੁਪਿੰਦਰ ਕੌਰ ਨੂੰ ਵੀ ਇਸ ਲਾਈਵਲੀਹੁਡ ਸਮਿਟ ਕਾਨਫਰੰਸ ਵਿਚ ਵਿਸ਼ੇਸ਼ ਬੁਲਾਰੇ ਵਜੋਂ ਸੱਦਾ ਦਿੱਤਾ ਗਿਆ ਸੀ। ਪਿੰਡ ਪੱਕਾ ਕਲਾਂ ਦੀ ਰੁਪਿੰਦਰ ਕੌਰ ਨੇ ਲਖਪਤੀ ਦੀਦੀ ਪ੍ਰੋਗਰਾਮ ਤਹਿਤ ਆਪਣੀ ਪ੍ਰੇਰਣਾਦਾਇਕ ਯਾਤਰਾ ਸਾਂਝੀ ਕੀਤੀ। ਸਵੈ-ਨਿਰਭਰਤਾ ਅਤੇ ਆਰਥਿਕ ਸਸ਼ਕਤੀਕਰਨ ਦੀ ਉਨ੍ਹਾਂ ਦੀ ਕਹਾਣੀ ਦੇਸ਼ ਭਰ ਦੀਆਂ ਔਰਤਾਂ ਲਈ ਪ੍ਰੇਰਣਾ ਦਾ ਸਰੋਤ ਬਣ ਗਈ।ਪੱਕਾ ਕਲਾਂ ਦੀ ਵਸਨੀਕ ਰੁਪਿੰਦਰ ਕੌਰ 2018 ’ਚ ਐੱਚਐੱਮਈਐੱਲ ਸਵੈ-ਸਹਾਇਤਾ ਗਰੁੱਪ ਵਿਚ ਸ਼ਾਮਲ ਹੋਈ ਸੀ ਅਤੇ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕਰ ਕੇ ਗਿਆਨ ਸਵੈ-ਸਹਾਇਤਾ ਸਮੂਹ ਬਣਾਇਆ ਸੀ। ਐੱਚਐੱਮਈਐੱਲ ਨੇ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਬੈਗ ਸਿਲਾਈ ਯੂਨਿਟ ਪ੍ਰਦਾਨ ਕੀਤਾ। ਰੁਪਿੰਦਰ ਕੌਰ ਨੇ ਕਿਹਾ ਕਿ ਗਰੁੱਪ ਨੇ ਅਜੇ ਕੰਮ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਕੋਵਿਡ 2020 ਵਿਚ ਆਇਆ ਪਰ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ। ਐੱਚਐੱਮਈਐੱਲ ਨੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ’ਚ ਮੁਫਤ ਵੰਡਣ ਲਈ ਬੈਗ ਬਣਾਉਣ ਦਾ ਆਰਡਰ ਦਿੱਤਾ, ਜਿਸ ਨੇ ਉਨ੍ਹਾਂ ਨੂੰ ਉਤਸ਼ਾਹਤ ਕੀਤਾ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਰੁਪਿੰਦਰ ਕੌਰ ਅਤੇ ਉਸ ਦੇ ਗਰੁੱਪ ਨੇ ਬੈਗ ਸਿਲਾਈ ਰਾਹੀਂ ਹੁਣ ਤਕ 11 ਲੱਖ ਰੁਪਏ ਦੀ ਬਚਤ ਕੀਤੀ ਹੈ। ਪੰਜਾਬ ਸਮੇਤ ਹਰਿਆਣਾ 'ਚ ਵੀ ਇਸ ਦੇ ਬੈਗਾਂ ਦੀ ਮੰਗ ਹੈ। ਇਨ੍ਹਾਂ ਹੀ ਨਹੀਂ ਐੱਚਆਈਐੱਚ ਦੇ ਕਹਿਣ 'ਤੇ ਰੁਪਿੰਦਰ ਨੇ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਬੈਗ ਬਣਾਉਣ ਦੀ ਸਿਖਲਾਈ ਵੀ ਦਿੱਤੀ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਵਿਚ ਸਹਾਇਤਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿੰਡ 'ਚ ਬੈਗ ਸਿਲਾਈ ਦੇ 4 ਗਰੁੱਪ ਬਣਾਏ ਗਏ ਹਨ, ਜਿਨ੍ਹਾਂ 'ਚ 40 ਤੋਂ ਜ਼ਿਆਦਾ ਔਰਤਾਂ ਇਹ ਕਾਰੋਬਾਰ ਕਰ ਰਹੀਆਂ ਹਨ। ਰੁਪਿੰਦਰ ਦਾ ਕਹਿਣਾ ਹੈ ਕਿ ਹਰ ਮੈਂਬਰ ਨੂੰ 15,000 ਰੁਪਏ ਦੀ ਮਹੀਨਾਵਾਰ ਕਮਾਈ ਹੋ ਰਹੀ ਹੈ, ਜਿਸ ਕਾਰਨ ਉਸ ਦੇ ਬੱਚੇ ਹੁਣ ਸਕੂਲ ਵਿਚ ਪੜ੍ਹ ਰਹੇ ਹਨ ਅਤੇ ਪਰਿਵਾਰ ਦਾ ਖਰਚਾ ਚਲਾਉਣ ਵਿਚ ਆਪਣੇ ਪਤੀ ਦੀ ਮਦਦ ਵੀ ਕਰ ਰਹੇ ਹਨ।