ਮੋਗਾ : ਕਸਬਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਜਲਾਲਾਬਾਦ ਪੂਰਬੀ ਵਿਖੇ ਇਕ ਦਿਲ ਦਹਲਾਉਣ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਪੰਜ ਮਰਲੇ ਜਗ੍ਹਾ ਦੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੀ ਪਤਨੀ, ਲੜਕੇ ਅਤੇ ਪੁੱਤਰ ਤੇ ਨੂੰਹ ਨਾਲ ਮਿਲ ਕੇ ਆਪਣੀ ਮਾਤਾ ਦੇ ਸਿਰ ’ਚ ਸੋਟਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਕਤਲ ਦੀ ਵਾਰਦਾਤ ਨੂੰ ਛਪਾਉਣ ਲਈ ਲਾਸ਼ ’ਤੇ ਤੇਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ ਹੈ। ਪੁਲਿਸ ਨੇ ਮਿ੍ਤਕਾ ਦੀ ਧੀ ਦੇ ਬਿਆਨ ’ਤੇ ਉਸ ਦੇ ਪੁੱਤਰ, ਨੂੰਹ, ਪੋਤਰੇ ਅਤੇ ਪੋਤ ਨੂੰਹ ਖ਼ਿਲਾਫ਼ ਮਾਮਲਾ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਧਰਮਕੋਟ ਅਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਧਰਮਕੋਟ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਜਲਾਲਾਬਾਦ ਵਿਖੇ ਇਕ ਬਜ਼ੁਰਗ ਔਰਤ ਦੀ ਅੱਗ ਲੱਗਣ ਨਾਲ ਮੌਤ ਹੋ ਗਈ ਹੈ ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਔਰਤ ਗੁਰਨਾਮ ਕੌਰ 70 ਸਾਲ ਕਰੀਬ ਵਾਸੀ ਪਿੰਡ ਜਲਾਲਾਬਾਦ ਪੂਰਬੀ ਜਿਸ ਦੇ ਪੰਜ ਬੱਚੇ ਹਨ ਜਿਨ੍ਹਾਂ ਚਾਰ ਲੜਕੀਆਂ ਅਤੇ ਇਕ ਲੜਕਾ ਹੈ। ਚਾਰੋਂ ਲੜਕੀਆਂ ਵਿਆਹੀਆਂ ਹੋਈਆਂ ਹਨ ਅਤੇ ਬਜ਼ੁਰਗ ਮਾਤਾ ਆਪਣੇ ਲੜਕੇ ਸੁਖਮੰਦਰ ਸਿੰਘ ਦੇ ਪਰਿਵਾਰ ਨਾਲ ਘਰ ਵਿਚ ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸੁਖਮੰਦਰ ਸਿੰਘ ਜੋ ਕਿ ਸ਼ਾਦੀ-ਸ਼ੁਦਾ ਹੈ ਤੇ ਉਸ ਦਾ ਲੜਕਾ ਸਤਪਾਲ ਸਿੰਘ ਉਰਫ ਜੱਗੂ ਵੀ ਸ਼ਾਦੀਸ਼ੁਦਾ ਹੈ। ਉਨ੍ਹਾਂ ਦੱਸਿਆ ਮ੍ਰਿਤਕ ਮਾਤਾ ਦਾ ਲੜਕਾ ਸੁਖਮੰਦਰ ਸਿੰਘ, ਉਸ ਦੀ ਪਤਨੀ ਬਲਵਿੰਦਰ ਕੌਰ, ਪੋਤਾ ਸਤਪਾਲ ਉਰਫ ਜੱਗੂ ਅਤੇ ਪੋਤ ਨੂੰਹ ਅਮਨਦੀਪ ਕੌਰ ਸਾਰੇ ਮਿਲ ਕੇ ਪੰਜ ਮਰਲੇ ਦੇ ਮਕਾਨ ਲਈ ਮਾਤਾ ਗੁਰਨਾਮ ਕੌਰ ਦੀ ਕੁੱਟਮਾਰ ਕਰਦੇ ਸਨ ਅਤੇ ਮਕਾਨ ਨੂੰ ਆਪਣੇ ਨਾਂ ਕਰਾਉਣ ਲਈ ਜ਼ੋਰ ਪਾਉਂਦੇ ਸਨ। ਉਨ੍ਹਾਂ ਦੱਸਿਆ ਕਿ 7 ਮਾਰਚ ਦੀ ਸਵੇਰੇ 2 ਵਜੇ ਦੇ ਕਰੀਬ ਸੁਖਮੰਦਰ ਸਿੰਘ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਮਾਤਾ ਦੇ ਸਿਰ ’ਚ ਸੋਟਾ ਮਾਰਿਆ ਅਤੇ ਜਿਸ ਕਾਰਨ ਮਾਤਾ ਦੀ ਮੌਤ ਹੋ ਗਈ ਤੇ ਉਨ੍ਹਾਂ ਨੇ ਆਪਣੇ ਕੀਤੇ ਪਾਪ ਨੂੰ ਲੁਕਾਉਣ ਲਈ ਲਾਸ਼ ’ਤੇ ਤੇਲ ਪਾ ਕੇ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਜਦ ਮ੍ਰਿਤਕ ਮਾਤਾ ਦੀਆਂ ਲੜਕੀਆਂ ਨੂੰ ਲੱਗਾ ਤਾਂ ਉਹ ਵੀ ਮੌਕੇ ’ਤੇ ਪੁੱਜ ਗਈਆਂ।ਪੁਲਿਸ ਨੇ ਮ੍ਰਿਤਕ ਔਰਤ ਦੀ ਧੀ ਦਲਜੀਤ ਕੌਰ ਪਤਨੀ ਜੱਗਾ ਸਿੰਘ ਵਾਸੀ ਪ੍ਰੀਤ ਕੇਵਲ ਸਿੰਘ ਵਾਲੀ ਗਲੀ ਲੁਧਿਆਣਾ ਦੇ ਬਿਆਨ ’ਤੇ ਚਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਪੋਸਟਮਾਰਟਮ ਕਰਾਉਣ ਲਈ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਰੂਮ ’ਚ ਰੱਖਵਾ ਦਿੱਤਾ ਗਿਆ।