ਧਨੌਲਾ, 15 ਮਾਰਚ (ਚਮਕੌਰ ਸਿੰਘ ਗੱਗੀ)-ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਮਰੀਜਾਂ ਦੇ ਲੱਗ ਰਹੇ ਗੁਲੂਕੋਜ (ਨੌਰਮਲ ਸਲਾਇੰਨ ) ਕਾਰਨ ਮਰੀਜਾਂ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ, ਜਿਸ ਦਾ ਅਸਰ ਸੰਗਰੂਰ ਤੋਂ ਬਾਅਦ ਹੁਣ ਧਨੌਲਾ ਦੇ ਕਮਿਊਨਿਟੀ ਸੈਂਟਰ ਵਿੱਚ ਦਿਖਾਈ ਦਿੱਤਾ, ਜਿੱਥੇ ਗੁਲੂਕੋਜ ਲੱਗਣ ਤੋਂ ਬਾਅਦ ਮਰੀਜਾਂ ਦੀ ਸਿਹਤ ਹੋਰ ਵਿਗੜ ਗਈ ਤੇ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਸਿਵਲ ਹਸਪਤਾਲ ਸੰਗਰੂਰ ਦੇ ਗਾਇਨੀ ਵਾਰਡ ਵਿੱਚ ਗਰਭਪਤੀ ਔਰਤਾਂ ਦੇ ਲੱਗ ਰਹੇ ਗੁਲੂਕੋਜ ਕਾਰਨ ਔਰਤਾਂ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਇੱਕ ਇੱਕ ਕਰਕੇ ਕਈ ਜਿਲਿ੍ਹਆਂ ਦੇ ਹਸਪਤਾਲਾਂ ਵਿਚੋਂ ਇਹ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ, ਉਸ ਤਹਿਤ ਧਨੌਲਾ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਵੀ ਦਰਜਨ ਦੇ ਕਰੀਬ ਮਰੀਜਾਂ ਤੇ ਗੁਲੂਕੋਜ ਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ, ਜਦੋਂ ਇਸ ਸਬੰਧੀ ਸਿਵਲ ਹਸਪਤਾਲ ਵਿੱਚ ਸਬੰਧਤ ਮੈਡੀਕਲ ਅਫ਼ਸਰ, ਸਰਜਨ, ਅਤੇ ਔਰਤਾਂ ਰੋਗਾਂ ਦੇ ਮਾਹਿਰ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਲੂਕੋਜ ਕਾਰਨ ਕਈ ਮਰੀਜਾਂ ਨੂੰ ਪ੍ਰੇਸ਼ਾਨੀ ਆਈ ਸੀ, ਜਿਸ ਨਾਲ ਗੁਲੂਕੋਜ ਲੱਗਣ ਤੋਂ ਬਾਅਦ ਮਰੀਜਾਂ ਦਾ ਬਲੱਡ ਪ੍ਰੈਸ਼ਰ ਘੱਟ ਰਿਹਾ ਸੀ, ਜਿਸ ਤੋਂ ਬਾਅਦ ਗੁਲੂਕੋਜ ਬੰਦ ਕਰਕੇ ਹੋਰ ਕੰਪਨੀ ਦਾ ਲਾਇਆ ਜਾ ਰਿਹਾ,ਤੇ ਸਰਕਾਰ ਵੱਲੋਂ ਗੁਲੂਕੋਜ ਦੀ ਸਾਰੀ ਸਪਲਾਈ ਵਾਪਿਸ ਮੰਗਵਾ ਲਈ ਗਈ, ਓਧਰ ਜਦੋਂ ਇਸ ਸਬੰਧੀ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਹਿਲਾਂ ਵਾਲੀ ਸਪਲਾਈ ਤਾਂ ਸਾਰੀ ਵਾਪਿਸ ਮੰਗਵਾ ਲਈ ਗਈ ਸੀ, ਅੱਜ ਦੁਬਾਰਾ ਨਵੀਂ ਸਪਲਾਈ ਆਈ ਸੀ ਜਿਹੜੀ ਅਪਰੇਸ਼ਨ ਵਾਲੇ ਮਰੀਜਾਂ ਦੇ ਲਾਉਣ ਤੋਂ ਬਾਅਦ ਦੋ ਮਰੀਜਾਂ ਨੂੰ ਫੇਰ ਰੀਐਕਸ਼ਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਹ ਵੀ ਵਾਪਿਸ ਭੇਜੀ ਜਾ ਰਹੀ। ਜਦੋਂ ਇਸ ਸਬੰਧੀ ਦਵਾਈਆਂ ਦੇ ਇੰਚਾਰਜ ਫਾਰਮਾਸਿਸਟ ਨਰਿੰਦਰ ਕੁਮਾਰ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਹਸਪਤਾਲ ਵਿਚ ਕਰੀਬ ਵੀਹ ਪੇਟੀਆਂ ਗੁਲੂਕੋਜ ਦੀ ਸਪਲਾਈ ਆਈ ਸੀ, ਜਿਸ ਦੀਆਂ ਕਰੀਬ ਚਾਰ ਪੰਜ ਪੇਟੀਆਂ ਵਰਤੋਂ ਵਿੱਚ ਆਈਆਂ ਸਨ, ਜਿਨਾਂ ਕਾਰਨ ਕੁਝ ਮਰੀਜਾਂ ਤੇ ਬਾਰੇ ਪ੍ਰਭਾਵ ਦੇਖਣ ਤੋਂ ਬਾਅਦ ਸਾਰੀ ਸਪਲਾਈ ਵਾਪਿਸ ਭੇਜੀ ਗਈ ਹੈ। ਦੱਸਣਯੋਗ ਹੈ ਕਿ ਅਜਿਹਾ ਹੋਣ ਤੋਂ ਬਾਅਦ ਭਾਵੇਂ ਸਰਕਾਰ ਨੇ ਸਾਰੀ ਸਪਲਾਈ ਵਾਪਿਸ ਮੰਗਵਾ ਲਈ ਗਈ ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆ ਖਿਲਾਫ ਜੁੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਹੋਵੇਗੀ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ।