ਲੁਧਿਆਣਾ ਸੋਮਵਾਰ ਨੂੰ ਲੁਧਿਆਣਾ ਦੇ ਗਾਂਧੀ ਨਗਰ ਇਲਾਕੇ ’ਚ ਉਸ ਵੇਲੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ, ਜਦੋਂ ਉਥੋਂ ਦੀਆਂ ਕੱਪੜੇ ਦੀਆਂ ਦੋ ਦੁਕਾਨਾਂ ਨੂੰ ਭਿਆਨਕ ਅੱਗ ਲੱਗ ਗਈ। ਹਾਦਸਾ ਐਂਨਾ ਭਿਆਨਕ ਸੀ ਕਿ ਦੋਵੇਂ ਦੁਕਾਨਾਂ ਪੂਰੀ ਤਰ੍ਹਾਂ ਸੜ ਗਈਆਂ। ਇਸ ਦੁਰਘਟਨਾ ਵਿੱਚ ਲੱਖਾਂ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਭਾਰੀ ਆਬਾਦੀ ਵਾਲੇ ਵਪਾਰਕ ਖੇਤਰ ਵਿੱਚ ਅੱਗ ਲੱਗਣ ਤੋਂ ਬਾਅਦ ਪੂਰੀ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਆਸ-ਪਾਸ ਦੇ ਦੁਕਾਨਦਾਰ ਵੀ ਅਹਿਤਿਆਤ ਵਜੋਂ ਆਪਣੀਆਂ ਦੁਕਾਨਾਂ ਤੋਂ ਬਾਹਰ ਆ ਗਏ। ਸੂਤਰਾਂ ਅਨੁਸਾਰ ਸ਼ਾਮ 5.45 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ । ਜਾਣਕਾਰੀ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚੀਆਂ । ਸਮੇਂ ਸਿਰ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਟੀਮ ਨੇ ਡੇਢ ਘੰਟੇ ’ਚ ਅੱਗ ’ਤੇ ਕਾਬੂ ਪਾ ਲਿਆ। ਜੇਕਰ ਕੁਝ ਦੇਰ ਹੋ ਜਾਂਦੀ ਤਾਂ ਅੱਗ ਨੇ ਬਾਕੀ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਣਾ ਸੀ। ਫਾਇਰ ਬ੍ਰਿਗੇਡ ਦੀ ਜਲਦੀ ਕਾਰਵਾਈ ਦੇ ਚਲਦਿਆਂ ਵੱਡਾ ਹਾਦਸਾ ਟਲ ਗਿਆ। ਹਾਲ ਦੀ ਘੜੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ ਹੋਵੇਗਾ।