ਬਰਨਾਲਾ/ਧਨੌਲਾ, 8 ਨਵੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਪਵਿਤ ਕੌਰ ਸੰਧੂ ਨੇ ਅੱਜ ਆਪਣੇ ਪੁੱਤਰ ਲਈ ਧਨੌਲਾ ਦੀ ਨਵੀਂ ਬਸਤੀ, ਮਾਨਾ ਪੱਤੀ ਅਤੇ ਢਿੱਲੋਂ ਪੱਤੀ ਵਿਖੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਦੀ ਖੁਸ਼ਹਾਲੀ ਤੇ ਤਰੱਕੀ ਲਈ ਗੋਵਿੰਦ ਸਿੰਘ ਸੰਧੂ ਦਾ ਸਾਥ ਦਿੱਤਾ ਜਾਵੇ। ਉਹਨਾਂ ਲੋਕਾਂ ਨੂੰ ਦੱਸਿਆ ਕਿ ਗੋਵਿੰਦ ਸਿੰਘ ਸੰਧੂ ਪੜ੍ਹਿਆ-ਲਿਖਿਆ, ਸੂਝਵਾਨ ਇਮਾਨਦਾਰ ਤੇ ਨਸ਼ਾ ਰਹਿਤ ਆਗੂ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਆਪਣੇ ਨਾਨਾ ਸ. ਸਿਮਰਨਜੀਤ ਸਿੰਘ ਮਾਨ ਨਾਲ ਮਿਲਕੇ ਬਰਨਾਲਾ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਹ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਚੰਗੀ ਤਰ੍ਹਾਂ ਸਮਝਦਾ ਅਤੇ ਹੱਲ ਕਰਵਾਉਣ ਦੀ ਸਮਰੱਥਾ ਰੱਖਦਾ ਹੈ। ਇਸ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਉਹਨਾਂ ਦੀ ਜ਼ਿੰਦਗੀ ਸੰਵਾਰਨ ਦੀ ਇੱਛਾ ਰੱਖਦਾ ਹੈ। ਹਲਕੇ ਦੇ ਲੋਕਾਂ ਦੀ ਤਰੱਕੀ ਲਈ ਬਹੁਤ ਕੁਝ ਕਰਨਾ ਚਾਹੁੰਦਾ ਹੈ, ਜਿਸ ਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਇਸ ਲਈ ਆਉਣ ਵਾਲੀ 20 ਨਵੰਬਰ ਨੂੰ ਚੋਣ ਨਿਸ਼ਾਨ ਬਾਲਟੀ ਵਾਲਾ ਬਟਨ ਦਬਾ ਕੇ ਗੋਵਿੰਦ ਸਿੰਘ ਸੰਧੂ ਨੂੰ ਕਾਮਯਾਬ ਬਣਾਇਆ ਜਾਵੇ, ਤਾਂ ਜੋ ਹਲਕੇ ਦੇ ਵਿਗੜ ਰਹੇ ਹਾਲਾਤਾਂ ਨੂੰ ਸੁਧਾਰਨ ਲਈ ਅਤੇ ਲੋਕਾਂ ਦੇ ਸਰਕਾਰਾਂ ਤੋਂ ਬਣਦੇ ਹੱਕ ਦਿਵਾਉਣ ਲਈ ਵਿਧਾਨ ਸਭਾ ਵਿੱਚ ਆਵਾਜ਼ ਬੁਲੰਦ ਕਰ ਸਕੇ। ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਪੰਜਾਬ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਸਮਾਓ, ਸੀਨੀਅਰ ਆਗੂ ਸੁਖਪਾਲ ਸਿੰਘ ਛੰਨਾ, ਗੁਰਜੰਟ ਸਿੰਘ ਭਾਊ, ਅਮਰਜੀਤ ਸਿੰਘ ਗਿੱਲ, ਹਰਿੰਦਰ ਸਿੰਘ ਢੀਡਸਾ, ਮੱਖਣ ਸਿੰਘ ਢਿੱਲੋਂ, ਕੁਲਵੰਤ ਸਿੰਘ ਲੱਡੀ, ਅਮਨਦੀਪ ਸਿੰਘ, ਕੋਮਲਪ੍ਰੀਤ ਸਿੰਘ, ਸਤਿਗੁਰ ਸਿੰਘ, ਮਹਿਕਦੀਪ ਸਿੰਘ, ਅਮਨਦੀਪ ਸਿੰਘ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ। ਇਸ ਦੌਰਾਨ ਵੱਖ-ਵੱਖ ਮਹੱਲਿਆਂ ਵਿੱਚ ਲੋਕਾਂ ਨੇ ਬੀਬੀ ਪਵਿਤ ਕੌਰ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਤੇ ਹਲਕੇ ਦੀ ਖੁਸ਼ਹਾਲੀ ਲਈ ਗੋਵਿੰਦ ਸਿੰਘ ਸੰਧੂ ਦਾ ਡੱਟ ਕੇ ਸਾਥ ਦੇਣਗੇ।