ਲੁਧਿਆਣਾ ; ਚਿੱਟੇ ਦਿਨ ਭਾਈ ਰਣਧੀਰ ਸਿੰਘ ਨਗਰ ਦੇ ਇੱਕ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਸ਼ਾਤਰ ਚੋਰ ਨੇ ਅੱਖ ਝਪਕਦੇ ਹੀ ਚੋਰੀ ਕਰ ਲਿਆ । ਵਾਰਦਾਤ ਦੀਆਂ ਤਸਵੀਰਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਇੰਸ਼ੋਰੈਂਸ ਕੰਪਨੀ ਵਿੱਚ ਕੰਮ ਕਰ ਰਹੇ ਨੌਜਵਾਨ ਸ਼ਿਮਲਾ ਕਲੋਨੀ ਬਸਤੀ ਜੋਧੇਵਾਲ ਦੇ ਵਾਸੀ ਗੌਰਵ ਨੰਦਰਾਜਯੋਗ ਦੀ ਸ਼ਿਕਾਇਤ ਤੇ ਅਣਪਛਾਤੇ ਚੋਰ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।ਜਾਣਕਾਰੀ ਦਿੰਦਿਆਂ ਗੌਰਵ ਨੇ ਦੱਸਿਆ ਕਿ ਉਹ ਸਵੇਰੇ 10 ਵਜੇ ਦੇ ਕਰੀਬ ਆਪਣੇ ਸੀਨੀਅਰ ਨੂੰ ਭਾਈ ਰਣਧੀਰ ਸਿੰਘ ਨਗਰ ਇਲਾਕੇ ਵਿੱਚ ਮਿਲਣ ਲਈ ਆਇਆ ਸੀ । ਗੌਰਵ ਨੇ ਆਪਣੇ ਸੀਨੀਅਰ ਦੇ ਘਰ ਦੇ ਬਾਹਰ ਸਪਲੈਂਡਰ ਮੋਟਰਸਾਈਕਲ ਖੜਾ ਕਰ ਦਿੱਤਾ। ਤਕਰੀਬਨ ਦੋ ਘੰਟੇ ਬਾਅਦ 12 ਵਜੇ ਜਦ ਗੌਰਵ ਘਰ ਚੋਂ ਬਾਹਰ ਆਇਆ ਤਾਂ ਉਸਨੂੰ ਘਰ ਦੇ ਬਾਹਰ ਮੋਟਰਸਾਈਕਲ ਨਹੀਂ ਮਿਲਿਆ। ਗੌਰਵ ਨੇ ਜਦ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਸਾਰਾ ਮਾਮਲਾ ਸ਼ੀਸ਼ੇ ਵਾਂਗ ਸਾਫ ਹੋ ਗਿਆ। ਗੌਰਵ ਨੇ ਦੇਖਿਆ ਕਿ ਪੌਣੇ 12 ਵਜੇ ਦੇ ਕਰੀਬ ਇੱਕ ਨੌਜਵਾਨ ਘਰ ਦੇ ਬਾਹਰ ਆਇਆ ਅਤੇ ਫੋਨ ਤੇ ਗੱਲ ਕਰਨ ਦੇ ਬਹਾਨੇ ਉਸਦੇ ਮੋਟਰਸਾਈਕਲ ਤੇ ਬੈਠ ਗਿਆ ।ਅੱਧੇ ਕੁ ਮਿੰਟ ਬਾਅਦ ਉਸਨੇ ਮਾਸਟਰ ਕੀ ਨਾਲ ਮੋਟਰਸਾਈਕਲ ਦਾ ਤਾਲਾ ਖੋਲਿਆ ਅਤੇ ਵਾਹਨ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਗੌਰਵ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ । ਜਾਂਚ ਅਧਿਕਾਰੀ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ।