ਬਟਾਲਾ ; ਸੋਮਵਾਰ ਨੂੰ ਸ਼੍ਰੀ ਅਚਲੇਸ਼ਵਰ ਧਾਮ ਮੰਦਰ 'ਚ ਚੱਲ ਰਹੇ 2 ਰੋਜ਼ਾ ਨੌਵੀਂ ਦਸਵੀਂ ਦੇ ਸਲਾਨਾ ਮੇਲੇ ਦੌਰਾਨ ਨਿਹੰਗਾਂ ਵੱਲੋਂ ਘੋੜੇ ਨੂੰ ਧਾਮ ਦੇ ਪਵਿੱਤਰ ਸਰੋਵਰ 'ਚ ਇਸਨਾਨ ਕਰਾਉਣ ਦਾ ਮਾਮਲਾ ਜਾਣ ਸਾਹਮਣੇ ਆਉਣ ਤੇ ਸ੍ਰੀ ਅਚਲੇਸ਼ਵਰ ਧਾਮ ਦੇ ਪ੍ਰਬੰਧਕਾਂ ਅਤੇ ਸੰਗਤਾਂ ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਹਾਲਾਂਕਿ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਨਿਹੰਗ ਸਿੰਘਾਂ ਨੇ ਇਸ ਘਟਨਾ 'ਤੇ ਅਫਸੋਸ ਜਤਾਇਆ ਅਤੇ ਮੁਆਫੀ ਮੰਗੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੀਨੀਅਰ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ, ਮੇਅਰ ਸੁਖਦੀਪ ਸਿੰਘ ਤੇਜਾ ਤੇ ਹੋਰ ਆਗੂ ਅਚਲੇਸ਼ਵਰ ਧਾਮ ਪੁੱਜੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਚਲੇਸ਼ਵਰ ਧਾਮ ਦੇ ਸੀਨੀਅਰ ਟਰੱਸਟੀ ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਕੁਝ ਨਿਹੰਗ ਸਿੰਘਾਂ ਨੇ ਪਵਿੱਤਰ ਸਰੋਵਰ 'ਚ ਆਪਣੇ ਘੋੜੇ ਦਾ ਇਸ਼ਨਾਨ ਕਰਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਰੋਕਣ 'ਤੇ ਵੀ ਉਨ੍ਹਾਂ ਨਾ ਰੁਕੇ ਅਤੇ ਘੋੜੇ ਦਾ ਇਸ਼ਨਾਨ ਕਰਦੇ ਰਹੇ, ਜਿਸ ਕਾਰਨ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਬਾਅਦ 'ਚ ਨਿਹੰਗ ਸਿੰਘਾਂ ਦੇ ਮੁਖੀ ਨੇ ਆਪਣਾ ਪ੍ਰਤੀਨਿਧੀ ਭੇਜ ਕੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਮੁਆਫੀ ਮੰਗੀ |
ਪਵਨ ਕੁਮਾਰ ਨੇ ਦੱਸਿਆ ਕਿ ਮੇਲੇ ਦੀ ਸ਼ਾਂਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਹਿਲਾਂ ਅਚਾਨਕ ਸਰੋਵਰ ਦੀਆਂ ਸਾਰੀਆਂ ਮੱਛੀਆਂ ਮਰੀਆਂ ਹੋਈਆਂ ਪਾਈਆਂ ਗਈਆਂ, ਜਿਸ ਤੋਂ ਲੱਗਦਾ ਹੈ ਕਿ ਸਰੋਵਰ 'ਚ ਕਿਸੇ ਨੇ ਕੋਈ ਜ਼ਹਰੀਲਾ ਪਦਾਰਥ ਮਿਲਾ ਦਿੱਤਾ ਹੈ, ਜਿਸ ਕਾਰਨ ਵੱਡੀ ਗਿਣਤੀ ਚ ਮੱਛੀਆਂ ਦੀ ਮੌਤ ਹੋਈ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ਸਰੋਵਰ ਵਿੱਚ ਮੱਛੀਆਂ ਦਾ ਮਰਨਾ ਅਤੇ ਘੋੜੇ ਦਾ ਨਹਾਉਣਾ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ, ਫਿਰਕਿਆਂ ਵਿੱਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਡੀਸੀ ਨੂੰ ਦੋਵਾਂ ਮਾਮਲਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੇਲੇ ਦੇ ਪ੍ਰਬੰਧਾਂ ਵਿੱਚ ਪੁਲੀਸ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ।