ਬਟਾਲਾ : ਬੀਤੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਵੱਖ-ਵੱਖ ਥਾਣਿਆਂ ਅੰਦਰ ਕੀਤੇ ਜਾ ਰਹੇ ਧਮਾਕਿਆਂ ਨਾਲ ਪੰਜਾਬ ਪੁਲਿਸ ਅੰਦਰ ਤਰਥੱਲੀ ਮੱਚੀ ਹੋਈ ਹੈ। ਮੰਗਲਵਾਰ ਦੀ ਤੜਕਸਾਰ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ’ਚ ਹੋਏ ਧਮਾਕੇ ਨੇ ਇੱਕ ਵਾਰ ਫਿਰ ਸੁਰੱਖਿਆ ਏਜੰਸੀਆਂ ਨੂੰ ਵਕਤ ਪਾ ਦਿੱਤਾ ਹੈ। ਉਧਰ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ’ਤੇ ਹੋਏ ਹਮਲੇ ਦੀ ਜਿੰਮੇਵਾਰੀ ਗੈਂਗਸਟਰ ਜੀਵਨ ਫੌਜੀ ਨੇ ਲਈ ਹੈ। ਸਵਰਨ ਸਿੰਘ ਉਰਫ ਜੀਵਨ ਫੌਜੀ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਸ਼ਹਿਜ਼ਾਦਾ ਕਲਾਂ ਦਾ ਰਹਿਣ ਵਾਲਾ ਹੈ। ਸਵਰਨ ਸਿੰਘ ਉਰਫ ਜੀਵਨ ਫੌਜੀ ਵੱਲੋਂ ਕੀਤੇ ਜਾ ਰਹੇ ਦੇਸ਼ ਵਿਰੋਧੀ ਕੰਮਾਂ ਨੂੰ ਲੈ ਕੇ ਉਸ ਦੀ ਮਾਤਾ ਹਰਜਿੰਦਰ ਕੌਰ ਡਾਹਢੀ ਪ੍ਰੇਸ਼ਾਨ ਹੈ ਅਤੇ ਉਸ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਅੰਮ੍ਰਿਤਸਰ ਦੇ ਥਾਣੇ ’ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਜੀਵਨ ਫੌਜੀ ਵੱਲੋਂ ਸੋਸ਼ਲ ਮੀਡੀਆ ’ਤੇ ਲਈ ਗਈ ਹੈ।
ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਵਾਇਰਲ ਹੋਣ ਤੋਂ ਬਾਅਦ ਪੱਤਰਕਾਰਾਂ ਦੀ ਟੀਮ ਜੀਵਨ ਫੌਜੀ ਦੇ ਪਿੰਡ ਸ਼ਹਿਜ਼ਾਦਾ ਕਲਾਂ ਪਹੁੰਚੀ, ਜਿੱਥੇ ਉਸ ਦੀ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਦੋ ਧੀਆਂ ਹਨ। ਉਸ ਨੇ ਕਿਹਾ ਕਿ ਉਸ ਨੇ ਆਪਣੇ ਪੁੱਤਰ ਸਵਰਨ ਸਿੰਘ ਉਰਫ ਜੀਵਨ ਫੌਜੀ ਨੂੰ ਬੜੇ ਚਾਅ ਦੇ ਨਾਲ 2018 ਵਿਚ ਫੌਜ ’ਚ ਭਰਤੀ ਕਰਵਾਇਆ ਸੀ ਅਤੇ ਉਸ ਨੇ ਵੱਖ-ਵੱਖ ਥਾਵਾਂ ’ਤੇ ਕਰੀਬ ਸੱਤ ਸਾਲ ਫੌਜ ’ਚ ਸੇਵਾ ਵੀ ਨਿਭਾਈ ਹੈ। ਮਾਤਾ ਹਰਜਿੰਦਰ ਕੌਰ ਨੇ ਕਿਹਾ ਕਿ ਕਰੀਬ ਨੌ ਮਹੀਨੇ ਪਹਿਲਾਂ ਉਹ ਫੌਜ ਤੋਂ ਭਗੌੜਾ ਹੋ ਗਿਆ ਸੀ, ਜਿਸ ਬਾਰੇ ਉਸ ਨੂੰ ਉਸ ਵੇਲੇ ਪਤਾ ਲੱਗਾ, ਜਦ ਉਸਦੀ ਇੱਕ ਤਸਵੀਰ ਵਿਦੇਸ਼ ’ਚੋਂ ਵਾਇਰਲ ਹੋਈ।
ਹਰਜਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਉਸ ਦੇ ਕੀਤੇ ਜਾ ਰਹੇ ਦੇਸ਼ ਵਿਰੋਧੀ ਕੰਮਾਂ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਉਸ ਨੇ ਕਦੀ ਉਸ ਨੂੰ ਫੋਨ ਕੀਤਾ। ਹਰਜਿੰਦਰ ਕੌਰ ਨੇ ਕਿਹਾ ਕਿ ਜੋ ਦੇਸ਼ ਵਿਰੋਧੀ ਗਤੀਵਿਧੀਆਂ ਕੀਤੀਆਂ ਉਸ ਨਾਲ ਉਸ ਨੂੰ ਭਾਰੀ ਮਾਨਸਿਕ ਸੱਟ ਵੱਜੀ ਹੈ। ਉਸ ਨੇ ਕਿਹਾ ਕਿ ਉਸ ਨੂੰ ਆਸ ਸੀ ਕਿ ਉਸ ਦਾ ਪੁੱਤਰ ਫੌਜ ’ਚ ਸੇਵਾ ਕਰਦਿਆਂ ਘਰ ਦੀ ਗਰੀਬੀ ਦੂਰ ਕਰੇਗਾ, ਪਰ ਗੈਂਗਸਟਰ ਬਣ ਕੇ ਉਸ ਨੇ ਉਸ ਦਾ ਜੀਵਨ ਬਰਬਾਦ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਰੀਬ ਪੰਜ ਦਿਨ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਰੱਖ ਕੇ ਪ੍ਰੇਸ਼ਾਨ ਕੀਤਾ ਸੀ। ਉਸ ਨੇ ਕਿਹਾ ਕਿ ਜੀਵਨ ਫੌਜੀ ਦੀਆਂ ਗਤੀਵਿਧੀਆਂ ਨਾਲ ਉਸ ਦਾ ਆਂਢ ਗਵਾਂਢ ਵੀ ਉਸ ਦਾ ਹਾਲ ਚਾਲ ਨਹੀਂ ਪੁੱਛਦਾ।
ਅੰਮ੍ਰਿਤਸਰ ਥਾਣੇ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ : ਜੀਵਨ ਫੌਜੀ
ਸੋਸ਼ਲ ਮੀਡੀਆ ’ਤੇ ਵਾਇਰਲ ਪੋਸਟ ’ਚ ਜੀਵਨ ਫੌਜੀ ਨਾਮ ਦੇ ਗੈਂਗਸਟਰ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ’ਤੇ ਕੀਤੇ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹਾਂ। ਪੋਸਟ ’ਚ ਲਿਖਿਆ ਕਿ 1984 ਤੋਂ ਜੋ ਸਿੱਖਾਂ ਨਾਲ ਸਰਕਾਰਾਂ ਕਰਦੀਆਂ ਆ ਰਹੀਆਂ ਹਨ ਤੇ ਜਿੰਦਾਂ ਸਾਡੇ ਘਰ ਛਡਾਏ, ਉਹ ਹੁਣ ਇਸੇ ਤਰ੍ਹਾਂ ਹੀ ਥਾਣਿਆਂ ’ਤੇ ਹਮਲੇ ਕਰਦੇ ਰਹਿਣਗੇ। ਥਾਣਿਆਂ ਦੀਆਂ ਕੰਧਾਂ ਜਿੰਨੀਆਂ ਮਰਜ਼ੀ ਉੱਚੀਆਂ ਕਰ ਲਓ ਧਮਾਕੇ ਹੁੰਦੇ ਰਹਿਣਗੇ।