ਸੰਗਰੂਰ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠਿਆਂ 33 ਦਿਨ ਹੋ ਗਏ ਹਨ। ਇਸ ’ਤੇ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਉਸ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਲਾਈਵ ਹੋ ਕੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਫ਼ੈਸਲਾ ਆਇਆ ਹੈ। ਮੈਨੂੰ ਬੇਹੱਦ ਖ਼ੁਸ਼ੀ ਹੋਈ ਕਿ ਸੁਪਰੀਮ ਕੋਰਟ ਮੇਰੀ ਸਿਹਤ ਨੂੰ ਲੈ ਕੇ ਚਿੰਤਤ ਹੈ।ਮੈਨੂੰ ਇਹ ਉਮੀਦ ਸੀ ਕਿ ਜੋ ਸਾਡੇ ਵੱਲੋਂ ਸੁਪਰੀਮ ਕੋਰਟ ਨੂੰ ਪੱਤਰ ਲਿਖਿਆ ਗਿਆ ਹੈ ਉਸ ’ਤੇ ਸ਼ਾਇਦ ਕੋਈ ਵਿਚਾਰ ਹੋਇਆ ਹੋਵੇਗਾ ਅਤੇ ਕੇਂਦਰ ਸਰਕਾਰ ਨੂੰ ਕੋਈ ਆਦੇਸ਼ ਜਾਰੀ ਕੀਤਾ ਜਾਵੇਗਾ। ਪਰ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ’ਤੇ ਹੋਰ ਸਖ਼ਤੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹੋਇਆ ਕਿ ਇਕ ਪਾਸੇ ਤਾਂ ਸੁਪਰੀਮ ਕੋਰਟ ਮੇਰੀ ਸਿਹਤ ਨੂੰ ਲੈ ਕੇ ਚਿੰਤਤ ਹੈ ਤੇ ਦੂਜੇ ਪਾਸੇ ਸਾਡੇ ’ਤੇ ਸਖ਼ਤੀ ਕਰਨ ਦੇ ਆਦੇਸ਼ ਦੇ ਰਹੀ। ਅਜਿਹੀ ਹਮਦਰਦੀ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖੀ ਹੈ ਅਤੇ ਮੈਨੂੰ ਹੋਰ ਹੈਰਾਨੀ ਹੋਈ ਜਦੋਂ ਅੱਜ ਕੋਰਟ ਵਿਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਤੁਸੀਂ ਕੇਂਦਰ ਸਰਕਾਰ ਨੂੰ ਇਸ ਕਿਸਾਨ ਅੰਦੋਲਨ ਵਿਚ ਦਖ਼ਲ ਦੇਣ ਲਈ ਕਹੋ ਤਾਂ ਜੋ ਮਾਮਲੇ ਦਾ ਹੱਲ ਨਿਕਲ ਸਕੇ। ਜਿਸ ਤਰ੍ਹਾਂ ਸਰਕਾਰਾਂ ਪ੍ਰਤੀਕਿਰਿਆ ਦਿੰਦੀਆਂ ਹਨ ਉਸੇ ਤਰ੍ਹਾਂ ਸੁਪਰੀਮ ਕੋਰਟ ਕਰ ਰਹੀ ਹੈ, ਜਦੋਂਕਿ ਸੁਪਰੀਮ ਕੋਰਟ ਇਕ ਅਜਿਹੀ ਜਗ੍ਹਾ ਹੈ ਜਿੱਥੇ ਸਭ ਨੂੰ ਇਨਸਾਫ਼ ਦੀ ਆਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਸਾਡੇ ’ਤੇ ਸਖ਼ਤ ਬਿਆਨ ਆਇਆ ਹੈ, ਉਸ ਤੋਂ ਲਗਦਾ ਹੈ ਕਿ ਕੋਰਟ ਵੀ ਇਹ ਚਾਹੁੰਦੀ ਹੈ ਕਿ ਸਰਕਾਰ ਕਿਸਾਨਾਂ ’ਤੇ ਸਖ਼ਤੀ ਕਰੇ। ਇਹ ਕਿਸਾਨਾਂ ਨਾਲ ਕਿਹੋ ਜਿਹੀ ਹਮਦਰਦੀ ਹੈ।ਦੂਜੀ ਗੱਲ ਮੈਂ ਸਪਸ਼ਟ ਕਰਦਾ ਹਾਂ ਕਿ ਜੋ ਇਹ ਮਰਨ ਵਰਤ ਚੱਲ ਰਿਹਾ ਹੈ, ਇਹ ਸਾਡੀਆਂ ਕੇਂਦਰ ਸਰਕਾਰ ਤੋਂ ਮੰਗਾਂ ਬਾਰੇ ਹੈ। ਬਲਕਿ ਇਹ ਮੰਗਾਂ ਵੀ ਨਹੀਂ ਹਨ ਇਹ ਕੇਂਦਰ ਸਰਕਾਰ ਦੇ ਸਾਡੇ ਨਾਲ ਕੀਤੇ ਗਏ ਵਾਅਦਿਆਂ ਸਬੰਧੀ ਹੈ। ਅਸੀਂ ਉਨ੍ਹਾਂ ਦੇ ਵਾਅਦਿਆਂ ਨੂੰ ਲੈ ਕੇ ਇਹ ਲੜਾਈ ਲੜ ਰਹੇ ਹਾਂ ਅਤੇ ਸ਼ਾਂਤੀ ਨਾਲ ਬੈਠੇ ਹਾਂ। ਹੁਣ ਤਾਂ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਨੇ ਵੀ ਰਿਪੋਰਟ ਦੇ ਦਿੱਤੀ ਹੈ ਕਿ ਕਿਸਾਨਾਂ ਨੂੰ ਐੱਮਐੱਸਪੀ ਦੇਣ ਦੀ ਲੋੜ ਹੈ। ਸੋ ਮੇਰੀ ਸੁਪਰੀਮ ਕੋਰਟ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ’ਤੇ ਸਖ਼ਤੀ ਕਰਨ ਦੀ ਬਜਾਏ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣ ਦਾ ਆਦੇਸ਼ ਦਿੱਤਾ ਜਾਵੇ। ਦੇਸ਼ ਦੇ ਲੋਕਾਂ ਲਈ ਵਿਸ਼ਵਾਸ ਦੀ ਇੱਕੋ ਜਗ੍ਹਾ ਹੈ ਸੁਪਰੀਮ ਕੋਰਟ। ਕਿਤੇ ਇਹ ਨਾ ਹੋਵੇ ਕਿ ਲੋਕਾਂ ਦਾ ਇਥੋਂ ਵੀ ਵਿਸ਼ਵਾਸ ਟੁੱਟ ਜਾਵੇ। ਪਤਾ ਨਹੀਂ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਕਿਸ ਨੇ ਦੇ ਦਿੱਤੀ ਕਿ ਲੋਕਾਂ ਨੇ ਮੈਨੂੰ ਆਪਣੇ ਕਬਜ਼ੇ ’ਚ ਕਰ ਰੱਖਿਆ ਹੈ। ਮੈਂ ਆਪਣੀ ਜਿੰਮੇਵਾਰੀ ਸਮਝ ਕੇ ਮਰਨ ਵਰਤ ’ਤੇ ਬੈਠਾ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜਿਹਾ ਭਰਮ ਨਾ ਫੈਲਾਇਆ ਜਾਵੇ ਕਿ ਮੈਂ ਕਿਸੇ ਦੇ ਦਬਾਅ ਹੇਠ ਬੈਠਾ ਹਾਂ।