ਲੁਧਿਆਣਾ: ਕ੍ਰਾਈਮ ਬ੍ਰਾਂਚ1 ਦੀ ਟੀਮ ਵੱਲੋਂ 5 ਕਿੱਲੋ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਤਸਕਰ ਨੇ ਪੁੱਛਗਿਛ ਦੌਰਾਨ ਕਈ ਖੁਲਾਸੇ ਕੀਤੇ । ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਕੰਵਰਪਾਲ ਸਿੰਘ ਉਰਫ ਮਿੰਟੂ ਨੇ ਹੈਰੋਇਨ ਦੀ ਖੇਪ ਬਾਰਡਰ ਪਾਰ ਤੋਂ ਮੰਗਵਾਈ ਸੀ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਪੀਰੂ ਬੰਦਾ ਲੁਧਿਆਣਾ ਦੇ ਰਹਿਣ ਵਾਲੇ ਸੈਮ ਨਾਮ ਦੇ ਵਿਅਕਤੀ ਨੇ ਪਾਕਿਸਤਾਨ ਦੇ ਤਸਕਰਾਂ ਨਾਲ ਮੋਬਾਈਲ ਫੋਨ ਜ਼ਰੀਏ ਕੰਵਰਪਾਲ ਸਿੰਘ ਦਾ ਤਾਲਮੇਲ ਕਰਵਾਇਆ ਸੀ । 21 ਦਸੰਬਰ ਨੂੰ ਕੰਵਰਪਾਲ ਨੇ ਪਾਕਿਸਤਾਨ ਦੇ ਤਸਕਰ ਨਾਲ ਫੋਨ 'ਤੇ ਗੱਲ ਕਰਕੇ ਹੈਰੋਇਨ ਮੰਗਵਾਈ । ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇੱਕ ਵਿਅਕਤੀ ਜਿਸ ਨਾਲ ਉਸਦੀ ਵ੍ਹਟਸਐਪ ਰਾਹੀਂ ਗੱਲ ਹੁੰਦੀ ਸੀ ਉਕਤ ਵਿਅਕਤੀ ਨੇ ਬਾਘਾ ਬਾਰਡਰ ਤੋਂ ਤਕਰੀਬਨ 2 ਕਿਲੋਮੀਟਰ ਪਹਿਲੋਂ ਹੈਰੋਇਨ ਦੀ ਖੇਪ ਉਸ ਦੇ ਹਵਾਲੇ ਕੀਤੀ ਸੀ। ਹੈਰੋਇਨ ਹਾਸਲ ਕਰਨ ਤੋਂ ਬਾਅਦ ਮੁਲਜ਼ਮ ਅੰਮ੍ਰਿਤਸਰ ਤੋਂ ਲੁਧਿਆਣਾ ਆ ਗਿਆ । ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਨਸ਼ੇ ਦੀ ਕਮਾਈ ਨਾਲ ਤਸਕਰ ਅਤੇ ਉਸਦੇ ਪਰਿਵਾਰ ਨੇ ਕਿਹੜੀਆਂ -ਕਿਹੜੀਆਂ ਪ੍ਰਾਪਰਟੀਆਂ, ਵਹੀਕਲ ਅਤੇ ਹੋਰ ਸਮਾਨ ਖਰੀਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਾਬਤਿਆਂ ਅਨੁਸਾਰ ਉਕਤ ਸਾਰੀਆਂ ਪ੍ਰਾਪਰਟੀਆਂ ਇਸ ਮੁਕਦਮੇ ਦੇ ਨਾਲ ਅਟੈਚ ਕੀਤੀਆਂ ਜਾਣਗੀਆਂ ਤਾਂ ਜੋ ਭਵਿੱਖ ਵਿੱਚ ਨਸ਼ੇ ਦੀ ਕਮਾਈ ਨਾਲ ਹੋਣ ਵਾਲੇ ਕਾਰੋਬਾਰ 'ਤੇ ਰੋਕ ਲਗਾਈ ਜਾ ਸਕੇ ।
ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜ਼ਮਾਨਤ 'ਤੇ ਆਇਆ ਸੀ ਬਾਹਰ
ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕੰਵਰਪਾਲ ਸਿੰਘ ਉਰਫ ਮਿੰਟੂ ਖਿਲਾਫ 15 ਨਵੰਬਰ 2022 ਨੂੰ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਸੀ। ਥਾਣਾ ਟਿੱਬਾ ਵਿੱਚ ਦਰਜ ਹੋਏ ਉਕਤ ਮੁਕਦਮੇ ਵਿੱਚ ਮੁਲਜ਼ਮ 10 ਦਸੰਬਰ 2022 ਨੂੰ ਜ਼ਮਾਨਤ ਤੇ ਬਾਹਰ ਆਇਆ ਸੀ।