ਅੰਮ੍ਰਿਤਸਰ : ਵਿਦੇਸ਼ ਬੈਠੇ ਗੈਂਗਸਟਰ ਜੀਵਨ ਫੌਜੀ ਨੇ ਇਸਲਾਮਾਬਾਦ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਦੇ ਮੁਲਜਮ ਗੁਰਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਧਮਾਕੇ ਦੇ ਬਦਲੇ ਇਕ-ਇਕ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਸੀ। ਹਾਲਾਕਿ, ਇਹ ਰਕਮ ਮੁਲਜ਼ਮਾਂ ਨੂੰ ਨਕਦ ਨਹੀਂ ਦਿੱਤੀ ਜਾਣੀ ਸੀ। ਇਹ ਰਕਮ ਡਰੱਗ ਮਨੀ ਨਾਲ ਅਦਾ ਕੀਤੀ ਜਾਣੀ ਸੀ ਕਿਉਂਕਿ ਦੋਵੇਂ ਮੁਲਜ਼ਮ ਜੀਵਨ ਫ਼ੌਜੀ ਅਤੇ ਉਸ ਦੇ ਆਕਾ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸ਼ੀਆਂ ਦੇ ਇਸ਼ਾਰੇ 'ਤੇ ਦੋ ਦਰਜਨ ਤੋਂ ਵੱਧ ਵਾਰ ਹੈਰੋਇਨ ਦੀ ਖੇਪ ਅੰਮ੍ਰਿਤਸਰ ਹੀ ਨਹੀਂ ਸਗੋਂ ਦਿੱਲੀ ਤੱਕ ਪਹੁੰਚਾ ਚੁੱਕੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਇਕ ਖੇਪ ਨੂੰ ਟਿਕਾਣੇ ਲਗਾਉਣ ਦੇ ਬਦਲੇ ਵੀਹ ਹਜ਼ਾਰ ਰੁਪਏ (ਹਰੇਕ ਦਸ ਹਜ਼ਾਰ ਰੁਪਏ) ਲੈਂਦੇ ਸਨ। ਪਰ ਇਸ ਵਾਰ ਜੀਵਨ ਫੌਜੀ ਨੇ ਦੋਵਾਂ ਨੂੰ ਕਿਹਾ ਸੀ ਕਿ ਹੈਰੋਇਨ ਸਪਲਾਈ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਥਾਣੇ ਜਾਂ ਕਿਸੇ ਪੁਲਿਸ ਚੌਕੀ 'ਚ ਗ੍ਰਨੇਡ ਧਮਾਕਾ ਵੀ ਕਰਨਾ ਹੈ। ਉਸ ਨੇ ਵੇਚੀ ਹੈਰੋਇਨ ਤੋਂ ਆਉਣ ਵਾਲੇ ਨਸ਼ੇ ਦੇ ਪੈਸੇ ਵਿਚੋਂ ਇਕ ਲੱਖ ਰੁਪਏ ਆਪਣੇ ਕੋਲ ਰੱਖ ਲੈਣ ਅਤੇ ਬਾਕੀ ਰਕਮ ਉਸ ਦੇ ਗੁਰਗੇ ਨੂੰ ਭਿਜਵਾ ਦੇਣਗੇ।ਪੰਜਾਬ ਪੁਲਿਸ ਦੀ ਖੂਫ਼ੀਆ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਖੋਲ੍ਹੇ ਜਾ ਰਹੇ ਭੇਦ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ ਹੈ। ਦੋ ਦਰਜਨ ਤੋਂ ਵੱਧ ਵਾਰ ਮੁਲਜ਼ਮ ਗੈਂਗਸਟਰ ਹੈਪੀ ਪਸ਼ੀਆਂ ਅਤੇ ਗੈਂਗਸਟਰ ਜੀਵਨ ਫ਼ੌਜੀ ਦੇ ਹੈਰੋਇਨ ਟਿਕਾਣੇ ਲਗਾਉਣ ਬਾਰੇ ਸੁਰੱਖਿਆ ਏਜੰਸੀਆਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਪੁਲਿਸ ਨੂੰ ਸ਼ੱਕ ਹੈ ਕਿ ਦੋਵਾਂ ਮੁਲਜ਼ਮਾਂ ਨੇ ਜਿੰਨਾਂ ਕਬੂਲ ਕੀਤਾ ਹੈ, ਉਸ ਤੋਂ ਵੱਧ ਵਾਰ ਹੈਰੋਇਨ ਵੇਚੀ ਹੈ। ਇਸਲਾਮਾਬਾਦ ਥਾਣੇ ਤੋਂ ਬਾਅਦ ਉਹ ਖਾਸਾ 'ਚ ਰਹਿਣ ਵਾਲੇ ਇਕ ਐਨਆਰਆਈ ਦੇ ਘਰ ਜਾ ਕੇ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਗ੍ਰੇਨੇਡ ਨੂੰ ਉੱਥੇ ਲੁਕਾ ਦਿੱਤਾ ਸੀ। ਹੁਣ ਉਨ੍ਹਾਂ ਨੂੰ ਅਗਲੇ ਥਾਣੇ ਜਾਂ ਪੁਲਿਸ ਚੌਕੀ ’ਤੇ ਗ੍ਰਨੇਡ ਸੁੱਟਣ ਦੀ ਰੇਕੀ ਸ਼ੁਰੂ ਕਰਨੀ ਪਈ। ਇਸ ਦੇ ਲਈ ਉਹ ਅੰਮ੍ਰਿਤਸਰ (ਦਿਹਾਤ), ਅੰਮ੍ਰਿਤਸਰ ਕਮਿਸ਼ਨਰੇਟ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਲਗਾਤਾਰ ਘੁੰਮ ਰਿਹਾ ਸੀ। ਦੋਵੇਂ ਇਹ ਪਤਾ ਲਗਾ ਰਹੇ ਸਨ ਕਿ ਥਾਣੇ ਦੇ ਬਾਹਰ ਕਿਹੜੇ ਸੀਸੀਟੀਵੀ ਕੈਮਰੇ ਖਰਾਬ ਪਏ ਹਨ ਜਾਂ ਕਿਸੇ ਹੋਰ ਕਾਰਨ ਕੰਮ ਨਹੀਂ ਕਰ ਰਹੇ।