ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਬਾਹਰਵਾਰ ਜਸਮਤਪੁਰ ਰੋਡ ਦੇ ਰੋਹੀ ਪਾਲਾ ਪੁਲ ਕੋਲ ਅੱਧੀ ਰਾਤ ਨੂੰ ਆਈ ਟਵੰਟੀ ਕਾਰ ਵਿਚ ਸਵਾਰ ਬਦਮਾਸ਼ ਅਤੇ ਪੁਲਿਸ ਦਰਮਿਆਨ ਗੋਲੀਬਾਰੀ ਹੋਮ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਕੇਸਾਂ ਵਿਚ ਲੋੜੀਂਦੇ ਇਕ ਨੌਜਵਾਨ ਦੀ ਲੱਤ ਵਿਚ ਗੋਲੀ ਲੱਗਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਜਿਸ ਨੂੰ ਇਲਾਜ਼ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਮੁਕਾਬਲੇ ਵਾਲੀ ਥਾਂ ’ਤੇ ਪਹੁੰਚੇ ਤਰਨਤਾਰਨ ਦੇ ਡੀਐੱਸਪੀ ਕਮਲਮੀਤ ਸਿੰਘ ਨੇ ਦੱਸਿਆ ਕਿ ਲਵਕਰਨ ਸਿੰਘ ਮੰਗਾ ਵਾਸੀ ਬਾਕੀਪੁਰ ਵੱਖ ਵੱਖ ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ ਅਤੇ ਨਸ਼ਾ ਤਸਕਰੀ ਵਜੋਂ ਵੀ ਇਲਾਕੇ ਵਿਚ ਬਦਨਾਮ ਹੈ। ਇਸ ਨੇ ਪੁਲਿਸ ਪਾਰਟੀ ਉੱਪਰ ਦੋ ਫਾਇਰ ਕੀਤੇ। ਜਿਨ੍ਹਾਂ ਵਿੱਚੋਂ ਇਕ ਗੋਲੀ ਏਐੱਸਆਈ ਗੁਰਦੀਪ ਸਿੰਘ ਦੀ ਪੱਗ ਨਾਲ ਲੱਗ ਕੇ ਲੰਘ ਗਈ। ਜਦੋਂ ਪੁਲਿਸ ਨੇ ਜਵਾਬੀ ਗੋਲੀ ਚਲਾਈ ਤਾਂ ਇਸਦੀ ਲੱਤ ਵਿਚ ਗੋਲੀ ਲੱਗ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਆਈ ਟਵੰਟੀ ਕਾਰ ਅਤੇ 32 ਬੋਰ ਦਾ ਪਿਸਤੋਲ ਬਰਾਮਦ ਹੋਇਆ ਹੈ। ਮੁਲਜ਼ਮ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਇਸਦੇ ਖਿਲਾਫ ਪੁਲਿਸ ਉੱਪਰ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ।