ਭਦੌੜ : ਕਸਬਾ ਭਦੌੜ ਦੀ ਨਵ ਵਿਆਹੀ ਮੁਟਿਆਰ ਅਰਸ਼ਦੀਪ ਕੌਰ (21 ਸਾਲ) ਪੁੱਤਰੀ ਅਜਮੇਰ ਸਿੰਘ ਵਾਸੀ ਨਾਨਕਸਰ ਰੋਡ ਭਦੌੜ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਗਲਾ ਘੁੱਟ ਕੇ ਅਤੇ ਤਸ਼ੱਦਦ ਕਰਕੇ ਮੌਤ ਦੇ ਘਾਟ ਉਤਾਰੇ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਤਾਏ ਦੇ ਲੜਕੇ ਗੁਰਪ੍ਰੀਤ ਸਿੰਘ ਪੁੱਤਰ ਭਗਤ ਸਿੰਘ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਰਸ਼ਦੀਪ ਕੌਰ ਦਾ ਵਿਆਹ ਅਸੀਂ 11 ਅਕਤੂਬਰ 2024 ਨੂੰ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਨਾਲ ਕੀਤਾ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਲੜਕੀ ਨੂੰ ਸਹੁਰੇ ਪਰਿਵਾਰ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਵੀ ਕਰਦੇ ਸਨ ਜੋ ਸਾਨੂੰ ਅਰਸ਼ਦੀਪ ਨੇ ਕੁਝ ਦਿਨ ਪਹਿਲਾਂ ਹੀ ਦੱਸਿਆ ਸੀ ਜੋ ਇੱਥੇ ਪੇਕੇ ਪਿੰਡ ਮਿਲਣ ਆਈ ਹੋਈ ਸੀ ਅਤੇ ਚਾਰ ਦਿਨ ਪਹਿਲਾਂ ਇਥੋਂ ਆਪਣੇ ਸਹੁਰੇ ਘਰ ਖੁਸ਼ੀ ਖੁਸ਼ੀ ਗਈ ਸੀ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਦੁਪਹਿਰ 1 ਵਜੇ ਅਰਸ਼ਦੀਪ ਕੌਰ ਨਾਲ ਸਾਡੀ ਵੀਡੀਓ ਕਾਲ ਵੀ ਹੋਈ ਉਸ ਉਪਰੰਤ 4 ਵਜੇ ਸਾਨੂੰ ਫੋਨ ਆਇਆ ਕਿ ਅਰਸ਼ਦੀਪ ਕੌਰ ਦੀ ਤਬੀਅਤ ਅਚਾਨਕ ਵਿਗੜ ਗਈ ਹੈ ਤੇ ਉਹ ਸੀਰੀਅਸ ਹੈ ਜਿਸ ਨੂੰ ਅਸੀਂ ਬਡਿਆਲ ਹਸਪਤਾਲ ਬਠਿੰਡਾ ਲਿਜਾ ਰਹੇ ਹਾਂ ਤੇ ਤੁਸੀਂ ਜਲਦੀ ਆ ਜਾਓ ਪ੍ਰੰਤੂ ਕੁਝ ਹੀ ਮਿੰਟਾਂ ਬਾਅਦ ਸਾਨੂੰ ਫਿਰ ਫੋਨ ਆਇਆ ਕਿ ਅਰਸ਼ਦੀਪ ਕੌਰ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਹਸਪਤਾਲ ਦੇ ਅਮਲੇ ਨੇ ਵੀ ਸਾਨੂੰ ਦੱਸਿਆ ਕਿ ਸਾਡੇ ਕੋਲ ਅਰਸ਼ਦੀਪ ਕੌਰ ਦੀ ਦੇਹ ਹੀ ਲੈ ਕੇ ਆਏ ਸਨ।ਉਹਨਾਂ ਦੱਸਿਆ ਕਿ ਜਦੋਂ ਅਸੀਂ ਅਰਸ਼ਦੀਪ ਕੌਰ ਕੋਲ ਗਏ ਤਾਂ ਉਸਦੇ ਗਲੇ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਹੱਥ ਬੰਨ੍ਹੇ ਹੋਏ ਸਨ ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਸਦੇ ਸਹੁਰੇ ਪਰਿਵਾਰ ਨੇ ਅਰਸ਼ਦੀਪ ਕੌਰ ਦਾ ਕਤਲ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਕੌਰ ਦੇ ਕਤਲ ਦੇ ਸਬੰਧ ਵਿੱਚ ਅਰਸ਼ਦੀਪ ਕੌਰ ਦੇ ਪਤੀ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ,ਸੱਸ ਬੰਤ ਕੌਰ,ਸਹੁਰਾ ਦਰਸ਼ਨ ਸਿੰਘ ਅਤੇ ਉਸ ਦੀ ਨਨਾਣ ਤੇ ਪਰਚਾ ਦਰਜ ਕੀਤਾ ਗਿਆ ਹੈ। ਪਰੰਤੂ ਸਾਡੇ ਵੱਲੋਂ ਮੰਗ ਹੈ ਕਿ ਇਸ ਸਾਰੇ ਮਸਲੇ ਦੇ ਮਾਸਟਰਮਾਈਂਡ ਅਰਸ਼ਦੀਪ ਕੌਰ ਦੇ ਜੇਠ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸੀਐਮ ਸਕਿਉਰਟੀ ਚ ਸੇਵਾਵਾਂ ਨਿਭਾਅ ਰਿਹਾ ਹੈ ਉਸ ਤੇ ਵੀ ਪਰਚਾ ਦਰਜ ਕੀਤਾ ਜਾਵੇ। ਜਿਸ ਉਪਰੰਤ ਅਸੀਂ ਅਰਸ਼ਦੀਪ ਕੌਰ ਦੀ ਦੇਹ ਸਾਡੇ ਨਿਵਾਸ ਅਸਥਾਨ ਕਸਬਾ ਭਦੌੜ ਵਿੱਚ ਲੈ ਕੇ ਆਏ ਹਾਂ ਅਤੇ ਇੱਥੇ ਇਸ ਦਾ ਅੰਤਿਮ ਸੰਸਕਾਰ ਕਰ ਰਹੇ ਹਾਂ।
ਅਰਸ਼ਦੀਪ ਕੌਰ ਦੀ ਦਰਿੰਦਗੀ ਭਰੀ ਮੌਤ ਨਾਲ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜਦੋਂ ਇਸ ਸਬੰਧੀ ਡੀਐੱਸਪੀ ਬਠਿੰਡਾ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਕਤ ਦੋਸ਼ੀਆਂ ਚੋਂ ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਸਹੁਰਾ ਦਰਸ਼ਨ ਸਿੰਘ ਅਤੇ ਸੱਸ ਬੰਤ ਕੌਰ ਨੂੰ ਗ੍ਰਿਫਤਰ ਕਰ ਲਿਆ ਗਿਆ ਹੈ ਜਦੋਂ ਕਿ ਅਰਸ਼ਦੀਪ ਕੌਰ ਦੇ ਪਤੀ ਬਲਵਿੰਦਰ ਸਿੰਘ ਅਤੇ ਉਸ ਦੀ ਨਨਾਣ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਹਨਾਂ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹੋਇਆ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।