ਹੁਸ਼ਿਆਰਪੁਰ : ਹੁਸ਼ਿਆਰਪੁਰ-ਫਗਵਾੜਾ ਬਾਈਪਾਸ ’ਤੇ ਰੇਲਵੇ ਫਾਟਕ ਨੇੜੇ 14 ਅਗਸਤ ਨੂੰ ਹੋਏ ਵਾਰਡ ਨੰਬਰ-20 ਦੇ ਕੌਂਸਲਰ ਜਸਵੰਤ ਰਾਏ ਕਾਲਾ ਦੇ ਭਰਾ ਗੁਰਨਾਮ ਰਾਮ ਉਰਫ ਗਾਮਾ ਵਾਸੀ ਆਦਰਸ਼ ਕਾਲੋਨੀ, ਪਿੱਪਲਾਂਵਾਲੀ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ।ਸੂਤਰਾਂ ਮੁਤਾਬਕ ਗੁਰਨਾਮ ਰਾਮ ਉਰਫ ਗਾਮਾ ਦਾ ਕਤਲ ਸੀਰੀਅਲ ਕਿਲਰ ਰਾਮ ਸਵਰੂਪ ਨੇ ਰੂਪਨਗਰ ’ਚ ਕੀਤਾ ਸੀ। ਰਾਮ ਸਵਰੂਪ ਉਰਫ ਸੋਢੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਚੌੜਾ ਦਾ ਵਸਨੀਕ ਹੈ। ਉਸ ਨੇ 18 ਮਹੀਨਿਆਂ ਵਿੱਚ 11 ਲੋਕਾਂ ਦੀ ਹੱਤਿਆ ਕੀਤੀ ਹੈ। ਰੂਪਨਗਰ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸੋਢੀ ਨੇ ਗੁਰਨਾਮ ਰਾਮ ਦੇ ਕਤਲ ਦੀ ਗੱਲ ਕਬੂਲ ਕਰ ਲਈ ਹੈ। ਗਾਮਾ ਹੁਸ਼ਿਆਰਪੁਰ-ਫਗਵਾੜਾ ਬਾਈਪਾਸ ’ਤੇ ਸਥਿਤ ਰੇਲਵੇ ਫਾਟਕ ’ਤੇ ਢਾਬਾ ਚਲਾਉਂਦਾ ਸੀ। ਹਾਲਾਂਕਿ ਉਹ ਹਰ ਰਾਤ ਘਰ ਆਉਂਦਾ ਸੀ ਪਰ ਕਤਲ ਦੀ ਰਾਤ ਉਹ ਢਾਬੇ ’ਤੇ ਸੌਂ ਗਿਆ ਸੀ। ਇਸ ਦੌਰਾਨ ਸੋਢੀ ਨੇ ਉਸ ਦਾ ਕਤਲ ਕਰ ਦਿੱਤਾ ਸੀ। ਐੱਸਐੱਸਪੀ ਹੁਸ਼ਿਆਰਪੁਰ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ। ਮੁਲਜ਼ਮ ਨੂੰ ਛੇਤੀ ਹੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਪੁਲਿਸ ਸੂਤਰਾਂ ਅਨੁਸਾਰ ਉਨ੍ਹਾਂ ਨੇ ਇਸ ਸਬੰਧ ਵਿੱਚ ਮੁਲਜ਼ਮ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਹੈ।
ਲੁੱਟ ਦੇ ਇਰਾਦੇ ਨਾਲ ਕੀਤਾ ਸੀ ਕਤਲ
ਗੁਰਨਾਮ ਸਿੰਘ ਅਕਸਰ ਆਪਣੇ ਢਾਬੇ ’ਤੇ ਸੌਂਦਾ ਸੀ। ਕਤਲ ਦੀ ਰਾਤ ਉਹ ਉੱਥੇ ਹੀ ਸੌਂ ਗਿਆ ਸੀ। ਅਗਲੀ ਸਵੇਰ ਜਦੋਂ ਕੁਝ ਲੋਕ ਢਾਬੇ ’ਤੇ ਪਹੁੰਚੇ ਤਾਂ ਗਾਮਾ ਦੀ ਲਾਸ਼ ਖਾਟ ਦੇ ਹੇਠਾਂ ਪਈ ਸੀ, ਜਿਸ ਦੇ ਗਲੇ ’ਤੇ ਨਿਸ਼ਾਨ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਗਾਮਾ ਦਾ ਪਰਸ ਅਤੇ ਸਕੂਟੀ ਮੌਕੇ ’ਤੇ ਨਹੀਂ ਸਨ। ਹਾਲਾਤ ਦੇਖ ਕੇ ਪਰਿਵਾਰ ਨੂੰ ਸ਼ੱਕ ਹੋਇਆ ਕਿ ਗਾਮਾ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਢੀ ਨੂੰ ਰੂਪਨਗਰ ਪੁਲਿਸ ਅਧਿਕਾਰੀਆਂ ਨੇ ਉੱਥੇ ਹੋਏ ਕਤਲ ਦੇ ਕੇਸ ਦੀ ਜਾਂਚ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਸ ਪਾਸ ਦੇ ਖੇਤਰ ਵਿੱਚ 11 ਕਤਲਾਂ ਦੀ ਗੱਲ ਕਬੂਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ, ਜਿਨ੍ਹਾਂ ਤੋਂ ਉਹ ਲਿਫਟਾਂ ਲੈਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਲੁੱਟਦਾ ਸੀ। ਵਿਰੋਧ ਕਰਨ ’ਤੇ ਉਨ੍ਹਾਂ ਦਾ ਕਤਲ ਕਰ ਦਿੰਦਾ ਸੀ।
ਜ਼ਿਕਰਯੋਗ ਹੈ ਕਿ 18 ਅਗਸਤ, 2024 ਨੂੰ ਸੋਢੀ ਨੇ ਕੀਰਤਪੁਰ ਸਾਹਿਬ ਦੇ ਟੋਲ ਪਲਾਜ਼ਾ ਮੋਦਰਾ ਵਿਖੇ ਚਾਹ-ਪਾਣੀ ਪਰੋਸ ਰਹੇ 37 ਸਾਲਾ ਵਿਅਕਤੀ ਦੀ ਹੱਤਿਆ ਕਰ ਦਿੱਤੀ ਸੀ। ਪੁੱਛਗਿੱਛ ਦੌਰਾਨ ਸੋਢੀ ਨੇ ਮੰਨਿਆ ਕਿ ਕੀਰਤਪੁਰ ਸਾਹਿਬ ਨੇੜੇ ਹੋਏ ਕਤਲਾਂ ਤੋਂ ਇਲਾਵਾ ਉਸ ਨੇ 10 ਹੋਰ ਕਤਲ ਕੀਤੇ ਸਨ। ਕੁਝ ਕਤਲ ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕੀਤੇ ਗਏ ਸਨ। ਪੁਲਿਸ ਜਾਂਚ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਉਹ ਲੋਕਾਂ ਦਾ ਗਲਾ ਘੁੱਟ ਕੇ ਕਤਲ ਕਰਦਾ ਸੀ, ਜਦੋਂ ਕਿ ਕੁਝ ਮਾਮਲਿਆਂ ਵਿੱਚ ਉਹ ਇੱਟਾਂ ਦੀ ਵਰਤੋਂ ਕਰਦਾ ਸੀ। ਰੂਪਨਗਰ ਪੁਲਿਸ ਨੇ ਇਹ ਜਾਣਕਾਰੀ ਹੁਸ਼ਿਆਰਪੁਰ ਪੁਲਿਸ ਨੂੰ ਦਿੱਤੀ ਹੈ। ਹੁਸ਼ਿਆਰਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰੋਡਕਸ਼ਨ ਵਾਰੰਟ ’ਤੇ ਜਲਦ ਲਿਆਂਦਾ ਜਾਵੇਗਾ : ਐੱਸਐੱਸਪੀ
ਐੱਸਐੱਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਉਨ੍ਹਾਂ ਨੂੰ ਰੂਪਨਗਰ ਪੁਲਿਸ ਨੇ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਹੈ। ਜਲਦ ਹੀ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਹੁਸ਼ਿਆਰਪੁਰ ਲਿਆਂਦਾ ਜਾਵੇਗਾ ਤਾਂ ਜੋ ਸਾਰਾ ਮਾਮਲਾ ਸਾਫ ਹੋ ਸਕੇ।