ਲੁਧਿਆਣਾ : ਦੇਰ ਰਾਤ 2 ਵਜੇ ਚਾਰ ਬਦਮਾਸ਼ਾਂ ਨੇ ਗੰਨ ਪੁਆਇੰਟ 'ਤੇ ਨੌਜਵਾਨ ਕੋਲੋਂ ਉਸਦੀ ਸਵਿਫਟ ਕਾਰ ਲੁੱਟ ਲਈ। ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਉਸ ਵੇਲੇ ਦਿੱਤਾ ਜਦੋਂ ਨੌਜਵਾਨ ਆਪਣੀ ਇਕ ਮਹਿਲਾ ਦੋਸਤ ਤੇ ਸਾਥੀ ਨਾਲ ਨਵੇਂ ਸਾਲ ਤੋਂ ਪਹਿਲਾਂ ਜਸ਼ਨ ਮਨਾ ਕੇ ਘਰ ਵਾਪਸ ਆ ਰਿਹਾ ਸੀ।ਜਾਣਕਾਰੀ ਦਿੰਦਿਆਂ ਥਾਣਾ ਸਰਾਭਾ ਨਗਰ ਦੇ ਏਐਸਆਈ ਉਮੇਸ਼ ਕੁਮਾਰ ਨੇ ਦੱਸਿਆ ਕਿ ਲਿਕਰ ਕੰਪਨੀਆਂ 'ਚ ਫੀਲਡ ਅਫਸਰ ਦੇ ਤੌਰ 'ਤੇ ਕੰਮ ਕਰਨ ਵਾਲੇ ਜੰਮੂ ਕਾਲੋਨੀ ਮਾਡਲ ਟਾਊਨ ਦੇ ਵਾਸੀ ਅਮਨ ਸ਼ਰਮਾ ਨੇ 30 ਦਸੰਬਰ ਨੂੰ ਦੇਰ ਰਾਤ ਪੁਲਿਸ ਕੋਲ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਸਾਥੀਆਂ ਨਾਲ ਨਵੇਂ ਸਾਲ ਤੋਂ ਪਹਿਲੋਂ ਇਕ ਜਸ਼ਨ ਮਨਾ ਕੇ ਸਾਊਥ ਸਿਟੀ ਤੋਂ ਘਰ ਵੱਲ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਰਾਜਗੁਰੂ ਨਗਰ ਸਥਿਤ ਸੀਨੀਅਰ ਸਿਟੀਜਨ ਹੋਮ ਦੇ ਲਾਗੇ ਪਹੁੰਚੇ ਤਾਂ ਅਮਨ ਨੂੰ ਇੰਝ ਜਾਪਿਆ ਕਿ ਟਾਇਰ 'ਚ ਹਵਾ ਘੱਟ ਹੈ। ਉਸ ਨੇ ਆਪਣੀ ਸਵਿਫਟ ਗੱਡੀ ਸਾਈਡ ਤੇ ਰੋਕੀ ਅਤੇ ਟਾਇਰ ਚੈੱਕ ਕਰਨ ਲਈ ਹੇਠਾਂ ਉਤਰ ਗਿਆ। ਇਸੇ ਦੌਰਾਨ ਚਾਰ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਚੋਂ ਇੱਕ ਨੇ ਪਿਸਤੌਲ ਕੱਢ ਲਿਆ। ਮੁਲਜ਼ਮਾਂ ਨੇ ਗੰਨ ਪੁਆਇੰਟ 'ਤੇ ਸਾਰਿਆਂ ਨੂੰ ਕਾਰ ਤੋਂ ਹੇਠਾਂ ਉਤਾਰਿਆ ਤੇ ਅਮਨ ਸ਼ਰਮਾ ਕੋਲੋਂ ਉਸਦੀ ਕਾਰ ਅਤੇ ਦੋ ਮੋਬਾਇਲ ਫੋਨ ਲੁੱਟ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਿਰੋਜ਼ਪੁਰ ਰੋਡ ਵੱਲ ਫਰਾਰ ਹੋ ਗਏ। ਜਾਂਚ ਅਧਿਕਾਰੀ ਉਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਅਮਨ ਸ਼ਰਮਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।