ਐੱਸਏਐੱਸ ਨਗਰ : ਸਿੱਖਿਆ ਬੋਰਡ ਦਫ਼ਤਰ ਵੱਲੋਂ ਪੰਜਾਬੀ ਵਾਧੂ ਵਿਸ਼ਾ ਸੈਸ਼ਨ 2023-24 ਦੀ ਚੌਥੀ ਤਿਮਾਹੀ ਦੀ ਪ੍ਰੀਖਿਆ ਲੈਣ ਲਈ ਸਮਾਂ ਸਾਰਨੀ ਜਾਰੀ ਕੀਤੀ ਗਈ ਹੈ, ਜਿਸ ’ਚ 30 ਜਨਵਰੀ 2025 ਅਤੇ 31 ਜਨਵਰੀ 2025 ਨਿਸ਼ਚਿਤ ਕੀਤੀ ਗਈ ਹੈ। ਇਸ ਸਬੰਧੀ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ ’ਤੇ 01 ਜਨਵਰੀ 2025 ਤੋਂ ਉਪਲਬੱਧ ਹੋਣਗੇ। ਆਨਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ 17 ਜਨਵਰੀ 2025 ਤਕ ਬੋਰਡ ਦੀ ਪ੍ਰੀਖਿਆ ਸ਼ਾਖਾ ਦਸਵੀਂ ਦੇ ਫਾਰਮ ਸੈਕਸ਼ਨ ਮੁੱਖ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਐੱਸਏਐੱਸ ਨਗਰ ਵਿਖੇ ਪ੍ਰਾਪਤ ਕੀਤੇ ਜਾਣਗੇ। ਰੋਲ ਨੰਬਰ ਬੋਰਡ ਦੀ ਵੈਬਸਾਈਟ ’ਤੇ 24 ਜਨਵਰੀ 2025 ਤੋਂ ਉਪਲਬੱਧ ਹੋਣਗੇ। ਬੋਰਡ ਅਧਿਕਾਰੀ ਦੇ ਮੁਤਾਬਕ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਸਬੰਧਤ ਪ੍ਰੀਖਿਆਰਥੀ ਆਪਣੇ ਦਸਵੀਂ ਪਾਸ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕ ਸ਼ੁਦਾ ਫੋਟੋਕਾਪੀਆਂ ਨਾਲ ਲੈ ਕੇ ਆਉਣ। ਨਿਰਧਾਰਿਤ ਮਿਤੀ ਤਕ ਪ੍ਰੀਖਿਆ ਫਾਰਮ ਦੀ ਤਸਦੀਕਸ਼ੁਦਾ ਹਾਰਡ ਕਾਪੀ, ਦਸਵੀਂ ਪਾਸ ਦੇ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਅਤੇ ਆਧਾਰ ਕਾਰਡ, ਮੁੱਖ ਦਫ਼ਤਰ ਵਿਖੇ ਜਮ੍ਹਾ ਕਰਵਾਉਣੇ ਲਾਜ਼ਮੀ ਹਨ। ਅਜਿਹਾ ਨਾ ਕਰਨ ’ਤੇ ਸਬੰਧਤ ਪ੍ਰੀਖਿਆਰਥੀ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਬੰਧਤ ਪ੍ਰੀਖਿਆਰਥੀ ਦੀ ਹੋਵੇਗੀ। ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਵੇਖੀ ਜਾ ਸਕਦੀ ਹੈ।