ਪਟਿਆਲਾ : ਦੋ ਦਿਨਾਂ ਦੀ ਹੜਤਾਲ ਉਪਰੰਤ ਬੁੱਧਵਾਰ ਨੂੰ ਡਿਊਟੀ ਤੇ ਪਰਤੇ ਪੀਆਰਟੀਸੀ ਦੇ ਕੰਟਰੈਕਟ ਕਾਮਿਆਂ ਵੱਲੋਂ ਮੁੜ ਤੋਂ ਪਟਿਆਲਾ ਬੱਸ ਸਟੈਂਡ ਦਾ ਮੇਨ ਗੇਟ ਬੰਦ ਕਰਕੇ ਬੱਸਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ। ਕਾਮਿਆਂ ਵੱਲੋਂ ਮੈਨੇਜਮੈਂਟ ਖਿਲਾਫ਼ ਨਾਅਰੇਬਾਜੀ ਕਰਦਿਆਂ ਦੋਸ਼ ਲਾਇਆ ਕਿ ਜਦੋਂ ਸਰਕਾਰ ਵੱਲੋਂ ਮੀਟਿੰਗ ਕਰਨ ਦਾ ਸੱਦਾ ਦਿੱਤਾ ਜਾ ਚੁੱਕਾ ਹੈ ਜਿਸ ਉਪਰੰਤ ਯੂਨੀਅਨ ਨੇ ਹੜਤਾਲ ਖਤਮ ਕਰ ਦਿੱਤੀ ਹੈ ਫਿਰ ਮੈਨੇਜਮੈਂਟ ਆਰਡਰਾਂ ਦੀ ਕਾਪੀ ਮੰਗ ਕੇ ਜਾਣ ਬੁਝ ਕੇ ਤੰਗ ਪਰੇਸ਼ਾਨ ਕਰ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਰੋਡਵੇਜ,ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ ਕੁਮਾਰ ਵਿਕੀ ਨੇ ਦੱਸਿਆ ਕਿ ਬੀਤੇ ਕੱਲ੍ਹ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ 15 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੇ ਦਿੱਤੇ ਗਏ। ਲਿਖਤੀ ਭਰੋਸੇ ਤੇ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਗਈ ਸੀ ਤੇ ਅੱਜ ਜਦੋਂ ਮੁਲਾਜ਼ਮ ਕੰਮ ਤੇ ਪਰਤੇ ਤਾਂ ਮੈਨੇਜਮੈਂਟ ਇਨਾਂ ਕਾਮਿਆਂ ਨੂੰ ਡਿਊਟੀਆਂ ਪਾਉਣ ਤੋਂ ਰੋਕ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਆਰਡਰਾਂ ਦੀਆਂ ਕਾਪੀਆਂ ਦਿਖਾਈਆਂ ਜਾਣ। ਹਰਕੇਸ ਕੁਮਾਰ ਵਿਕੀ ਨੇ ਕਿਹਾ ਕਿ ਮੈਨੇਜਮੈਂਟ ਉੱਚ ਅਧਿਕਾਰੀਆਂ ਵੱਲੋਂ ਆਏ ਹੁਕਮ ਦੱਸ ਰਹੇ ਹਨ ਪਰ ਜਦੋਂ ਇਸ ਸਬੰਧੀ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਦੀ ਧੱਕੇਸ਼ਾਹੀ ਖਿਲਾਫ਼ ਪੀਆਰਟੀਸੀ ਦੇ ਸਾਰੇ ਡਿੱਪੂਆਂ ਦੇ ਬੱਸ ਅੱਡੇ ਬੰਦ ਕਰ ਦਿੱਤੇ ਗਏ ਹਨ ਤੇ ਦੁਪਹਿਰ ਤੱਕ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਡਿਪੂਆਂ ਦੀਆਂ ਬੱਸਾਂ ਵੀ ਬੰਦ ਕਰਕੇ ਸਾਰੇ ਪੰਜਾਬ 'ਚ ਮੁੜ ਹੜਤਾਲ ਕਰਾਂਗੇ।