ਟਾਂਡਾ ਉੜਮੁੜ : ਬੀਤੀ ਦੇਰ ਰਾਤ ਟਾਂਡਾ ਸ੍ਰੀ ਹਰਗੋਬਿੰਦਪੁਰ ਮੁੱਖ ਸੜਕ 'ਤੇ ਪੈਂਦੇ ਪਿੰਡ ਰੜਾ ਮੰਡ ਨੇੜੇ ਹਾਈਟੈੱਕ ਨਾਕੇ ਨਜ਼ਦੀਕ ਆਪਣੇ ਦੋਸਤ ਜ਼ਸ਼ਨ ਦੀ ਕਾਰ 'ਤੇ ਸਵਾਰ ਹੋ ਕੇ ਜਾ ਰਹੇ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਤੇ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਫਾਇਰਿੰਗ ਕਰ ਦਿੱਤੀ । ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਕਾਰ ਦੇ ਪਿਛਲੇ ਪਾਸੇ ਲੱਗੀਆਂ। ਇਸ ਹਮਲੇ ਵਿਚ ਨਵਦੀਪ ਪੰਨੂ ਤੇ ਉਸਦੇ ਦੋਸਤ ਦਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਵਲੋਂ ਨਵਦੀਪ ਪੰਨੂ 'ਤੇ ਗੋਲੀਆਂ ਉਦੋਂ ਚਲਾਈਆਂ ਜਦੋਂ ਪੰਨੂ ਆਪਣੇ ਦੋਸਤ ਜਸ਼ਨ ਦੇ ਨਾਲ ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਵੱਲ ਜਾ ਰਿਹਾ ਸੀ ਤੇ ਕਰੀਬ ਰਾਤ 11 ਵਜੇ ਜਦੋਂ ਉਹ ਬਿਆਸ ਦਰਿਆ 'ਤੇ ਲੱਗੇ ਹਾਈਟੈੱਕ ਨਾਕੇ ਤੋਂ ਕਰੀਬ ਸੌ ਮੀਟਰ ਪਿੱਛੇ ਸਨ ਤਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਫਾਇਰਿੰਗ ਕਰ ਦਿੱਤੀ ਤੇ ਬਾਅਦ 'ਚ ਮੌਕੇ ਤੋਂ ਫ਼ਰਾਰ ਹੋ ਗਏ। ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਕਾਰ ਦੀ ਪਿਛਲੀ ਤਾਕੀ ਤੇ ਲੱਗੀਆਂ ਤੇ ਕਾਰ ਤੇ ਪੰਜ ਗੋਲ਼ੀਆਂ ਦੇ ਨਿਸ਼ਾਨ ਹਨ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਟਾਂਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਇਹ ਹਮਲਾ ਕਿਉਂ ਅਤੇ ਕਿੰਨਾਂ ਹਾਲਾਤਾਂ ਵਿਚ ਹੋਇਆ ਫਿਲਹਾਲ ਇਸ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਹੈ। ਟਾਂਡਾ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।