ਮੋਗਾ : ਵ੍ਹੀਲਚੇਅਰ ’ਤੇ ਦੁੱਧ ਵੇਚਣ ਜਾ ਰਹੇ ਨਿਰਮਲ ਸਿੰਘ ਨਿੰਮਾ ਨੂੰ ਦੇਖ ਕੇ ਸ਼ਾਇਦ ਹੀ ਕੋਈ ਅੰਦਾਜਾ ਲਗਾ ਸਕੇਗਾ ਕਿ ਇਹ ਨੌਜਵਾਨ ਕਿਸੇ ਵੇਲੇ ਕ੍ਰਿਕਟ ਖੇਡਦਾ ਸੀ। ਹੁਣ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੈ ਤੇ ਘਰ ਦਾ ਗੁਜ਼ਾਰਾ ਵੀ ਔਖਾ ਤੋਰਦਾ ਹੈ। ਜ਼ਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਮਹਿਰੋਂ ਦਾ ਰਹਿਣ ਵਾਲਾ ਕ੍ਰਿਕਟ ਖਿਡਾਰੀ ਨਿਰਮਲ ਸਿੰਘ ਨਿੰਮਾ ਅੰਤਰਰਾਸ਼ਟਰੀ ਵ੍ਹੀਲਚੇਅਰ ਕ੍ਰਿਕਟ ਖਿਡਾਰੀ ਹੈ। ਨਿੰਮਾ ਨੇ ਘਰ ਵਿਚ ਹੀ ਦੋ ਪਸ਼ੂ ਰੱਖੇ ਹੋਏ ਹਨ ਤੇ ਇਸੇ ਨਾਲ ਗੁਜ਼ਾਰਾ ਕਰ ਰਿਹਾ ਹੈ। ਮੋਗਾ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਚਮਕਾਉਣ ਵਾਲਾ ਨਿੰਮਾ ਵ੍ਹੀਲਚੇਅਰ ’ਤੇ ਹੀ ਸਾਰੇ ਕੰਮ ਕਰਦਾ ਹੈ। ਨਿੰਮਾ ਦਾ ਪਿਤਾ ਬਹਿਰੀਨ ’ਚ ਪਿਛਲੇ ਲੰਬੇ ਸਮੇਂ ਤੋਂ ਕਿਸੇ ਮਾਮਲੇ ’ਚ ਜੇਲ੍ਹ ’ਚ ਬੰਦ ਹੈ। ਇੱਕ ਭਰਾ ਵੀ ਹੈ। ਘਰ ’ਚ ਦੋਵੇਂ ਮਾਂ-ਪੁੱਤ ਪਸ਼ੂ ਪਾਲ ਕੇ ਦੁੱਧ ਤੋਂ ਹੋਣ ਵਾਲੀ ਆਮਦਨੀ ਨਾਲ ਗੁਜ਼ਾਰਾ ਚਲਾ ਰਹੇ ਹਨ।
ਫੇਸਬੁਕ ਤੋਂ ਪੈਦਾ ਹੋਇਆ ਕ੍ਰਿਕਟ ਖੇਡਣ ਦਾ ਸ਼ੌਂਕ
ਨਿੰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਫੇਸਬੁੱਕ ਤੋਂ ਕਰੀਬ ਛੇ-ਸੱਤ ਸਾਲ ਪਹਿਲਾਂ ਪੈਦਾ ਹੋਇਆ ਸੀ। ਉਸ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਪੋਲੀਓ ਸੀ, ਜਿਸ ਕਰਕੇ ਉਹ ਆਮ ਇਨਸਾਨ ਦੀ ਤਰ੍ਹਾਂ ਚੱਲ ਫਿਰ ਨਹੀਂ ਸੀ ਸਕਦਾ ਪਰ ਮਨ ਕਰਦਾ ਸੀ ਕਿ ਉਹ ਵੀ ਦੂਜਿਆਂ ਦੀ ਤਰ੍ਹਾਂ ਆਪਣੇ ਸ਼ੌਂਕ ਪੂਰੇ ਕਰ ਸਕੇ। ਨਿੰਮਾ ਨੇ ਦੱਸਿਆ ਕਿ 12 ਸਾਲ ਦੀ ਉਮਰ ’ਚ ਉਸ ਦੇ ਪਿਤਾ ਨੂੰ ਕਿਸੇ ਮਾਮਲੇ ’ਚ ਬਹਿਰੀਨ ’ਚ ਜੇਲ੍ਹ ਹੋ ਗਈ। ਹੁਣ ਸਾਰੀ ਜਿੰਮੇਵਾਰੀ ਉਸ ’ਤੇ ਹੈ। ਨਿੰਮੇ ਨੇ ਸ਼ੋਸ਼ਲ ਮੀਡੀਆ ’ਤੇ ਇਕ ਦਿਵਿਆਂਗ ਨੂੰ ਖੇਡਦੇ ਦੇਖਿਆ ਤਾਂ ਉਸ ਨੇ ਆਪਣਾ ਸ਼ੌਂਕ ਕ੍ਰਿਕਟ ਚੁਣ ਲਿਆ। ਫਿਰ ਸੋਸ਼ਲ ਮੀਡੀਆ ਜਰੀਏ ਵੀਰ ਸਿੰਘ ਸੰਧੂ ਜੋ ਕਿ ਪੰਜਾਬ ਵ੍ਹੀਲਚੇਅਰ ਕ੍ਰਿਕਟ ਟੀਮ ਦੇ ਕਪਤਾਨ ਹਨ ਨਾਲ ਸੰਪਰਕ ਹੋਇਆ ਅਤੇ ਅਤੇ ਉਨ੍ਹਾਂ ਨੇ ਪ੍ਰੇਰਤ ਕੀਤਾ।
ਪੰਜਾਬ ਟੀਮ ’ਚ 2018 ਨੂੰ ਹੋਈ ਸੀ ਚੋਣ
ਨਿੰਮਾ ਨੇ ਦੱਸਿਆ ਕਿ ਉਸ ਦੀ 13 ਅਕਤੂਬ 2018 ਨੂੰ ਇਕ ਟਰਾਇਲ ਰਾਹੀਂ ਕ੍ਰਿਕਟ ਲਈ ਚੋਣ ਹੋਈ ਸੀ। ਉਸ ਦੀ ਟੀਮ ਯੂਪੀ ਚੈਂਪੀਅਨ ਜਿੱਤ ਚੁੱਕੀ ਹੈ। ਨਿੰਮਾ ਨੇ ਦੱਸਿਆ ਕਿ ਯੂਪੀ ’ਚ ਸੂਬੇ ਦਾ ਨੈਸ਼ਨਲ ਪੱਧਰ ਦਾ ਮੁਕਾਬਲਾ ਹੋਇਆ ਸੀ, ਜਿਸ ’ਚ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਪੰਜਾਬ ਵ੍ਹੀਲਚੇਅਰ ਕ੍ਰਿਕਟ ਟੀਮ, ਜਿਸ ’ਚ ਉਹ ਵੀ ਖੇਡ ਰਿਹਾ ਸੀ, ਉਸ ਨੇ ਇਕ ਚੈਂਪੀਅਨਸ਼ਿਪ ’ਚ ਵਧੀਆ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਦਾ ਫਾਈਨਲ ਤੇ ਸੈਮੀ-ਫਾਈਨਲ ਦਿੱਲੀ ਦੇ ਨੋਇਡਾ ’ਚ ਹੋਇਆ ਸੀ, ਜਿਸ ’ਚ ਜਿੱਤ ਹਾਸਲ ਕਰਦਿਆਂ ਪੰਜਾਬ ਵ੍ਹੀਲਚੇਅਰ ਟੀਮ ਨੇ ਪੰਜਾਬ ਤੇ ਮੋਗਾ ਦਾ ਨਾਂ ਰੋਸ਼ਨ ਕੀਤਾ ਸੀ।
ਨਿੰਮਾ ਨੇ ਮੰਗੀ ਪੰਜਾਬ ਸਰਕਾਰ ਤੋਂ ਨੌਕਰੀ
ਖਿਡਾਰੀ ਨਿੰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਮੇਂ ਦੀਆਂ ਸਰਕਾਰਾਂ ਤੇ ਪ੍ਰਸਾਸ਼ਨ ਖ਼ਿਲਾਫ਼ ਨਾਰਾਜ਼ਗੀ ਜਾਹਿਰ ਕਰਦਿਆਂ ਕਿਹਾ ਹੈ ਕਿ ਜੇਕਰ ਉਸ ਵਰਗੇ ਇੰਟਰਨੈਸ਼ਨਲ ਪੱਧਰ ’ਤੇ ਖੇਡਣ ਵਾਲੇ ਦਿਵਿਆਂਗ ਖਿਡਾਰੀਆਂ ਲਈ ਸਰਕਾਰਾਂ ਕੋਲ ਨੌਕਰੀ ਲਈ ਕੋਈ ਥਾਂ ਨਹੀਂ ਤਾਂ ਭਵਿੱਖ ’ਚ ਕੋਈ ਖਿਡਾਰੀ ਮਿਹਨਤ ਨਹੀਂ ਕਰੇਗਾ।
ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਸੀ ਸਨਮਾਨਿਤ : ਨਿੰਮਾ
ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਜਦੋਂ ਉਹ ਅੰਤਰਰਾਸ਼ਟਰੀ ਪੱਧਰ ’ਤੇ ਕ੍ਰਿਕਟ ਖੇਡ ਕੇ ਮੋਗਾ ਅਤੇ ਸੂਬੇ ਦਾ ਨਾਂ ਰੋਸ਼ਨ ਕਰਕੇ ਪਰਤਿਆ ਸੀ ਤਾਂ ਉਸ ਸਮੇਂ ਰੂਲਰ ਐੱਨਜੀਓ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ਸਿਰਫ ਸਨਮਾਨਿਤ ਕਰਕੇ ਹੀ ਬੁੱਤਾ ਸਾਰ ਦਿੱਤਾ ਜਦਕਿ ਉਸ ਦੇ ਘਰ ਦੀ ਮਾੜੀ ਹਾਲਤ ਨੂੰ ਨਹੀਂ ਦੇਖਿਆ।