ਲੁਧਿਆਣਾ: ਚੌਂਕੀ ਕੋਚਰ ਮਾਰਕੀਟ ਇਲਾਕੇ ਦੇ ਅਧੀਨ ਆਉਂਦੀ ਇੱਕ ਗਾਰਮੈਂਟ ਸ਼ਾਪ 'ਚੋਂ 30 ਲੱਖ ਰੁਪਏ ਦਾ ਕੱਪੜਾ , 3800 ਦੀ ਨਕਦੀ ਅਤੇ ਦੋ ਚਾਂਦੀ ਦੀਆਂ ਮੂਰਤੀਆਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਬਸੰਤ ਐਵਨਿਊ ਦੇ ਵਾਸੀ ਦੁਕਾਨਦਾਰ ਰਿਸ਼ੀ ਰਾਜ ਗੁਲਾਟੀ ਦੀ ਸ਼ਿਕਾਇਤ 'ਤੇ ਦੁਕਾਨ ਦੇ ਮਾਲਕ ਗੁਰੂ ਗਿਆਨ ਵਿਹਾਰ ਜਵੱਦੀ ਦੇ ਵਾਸੀ ਹਰਮਿੰਦਰ ਸਿੰਘ, ਸਰਬਜੋਤ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਿਸ਼ੀ ਰਾਜ ਗੁਲਾਟੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਹ ਹਰ ਰੋਜ਼ ਵਾਂਗ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ । 24 ਜੁਲਾਈ 2024 ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰੋਂ 30 ਲੱਖ ਰੁਪਏ ਦਾ ਕੱਪੜਾ, 3800 ਦੀ ਨਕਦੀ ਅਤੇ ਦੋ ਚਾਂਦੀ ਦੀਆਂ ਮੂਰਤੀਆਂ ਚੋਰੀ ਹੋ ਗਈਆਂ । ਅਗਲੇ ਦਿਨ ਸਵੇਰੇ ਜਦ ਗੁਲਾਟੀ ਦੁਕਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਵਾਰਦਾਤ ਸਬੰਧੀ ਜਾਣਕਾਰੀ ਮਿਲੀ । ਸੀਸੀਟੀਵੀ ਦੀ ਫੁਟੇਜ ਚੈੱਕ ਕਰਨ ਤੇ ਸਾਰੀ ਵਾਰਦਾਤ ਦਾ ਖੁਲਾਸਾ ਹੋਇਆ । ਉਧਰੋਂ ਇਸ ਮਾਮਲੇ ਵਿੱਚ ਰਿਸ਼ੀ ਰਾਜ ਗੁਲਾਟੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ । ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਰਿਸ਼ੀ ਰਾਜ ਗੁਲਾਟੀ ਦੀ ਸ਼ਿਕਾਇਤ 'ਤੇ ਹਰਮਿੰਦਰ ਸਿੰਘ, ਸਰਬਜੋਤ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।