ਤਰਨਤਾਰਨ : ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਆਪਣੇ ਸਹੁਰੇ ਘਰ ਜਾ ਕੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਸਾਲੇ ਦੀ ਲੱਤ ਵਿਚ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਜ਼ਖ਼ਮੀ ਦੇ ਸਾਲੇ ਸਮੇਤ ਦੋ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੰਡੋਰੀ ਗੋਲਾ ਜੋ ਪੰਜਾਬ ਪੁਲਿਸ ਵਿਚ ਤਾਇਨਾਤ ਹੈ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਜੀਜਾ ਅੰਗਰੇਜ ਸਿੰਘ ਵਾਸੀ ਤਰਨਤਾਰਨ ਉਸਦੀ ਭੈਣ ਨੂੰ ਸ਼ਰਾਬ ਪੀਕੇ ਕੁੱਟ ਦਾ ਹੈ। ਉਸ ਨੇ ਕਈ ਵਾਰ ਉਸ ਨੂੰ ਸਮਝਾਇਆ ਵੀ ਪਰ ਉਹ ਉਸਦੀ ਭੈਣ ਨੂੰ ਪਰੇਸ਼ਾਨ ਕਰਦਾ ਰਿਹਾ। 16 ਮਾਰਚ ਨੂੰ ਉਸਦੀ ਭੈਣ ਦੀ ਦੁਬਾਰਾ ਕੁੱਟਮਾਰ ਕੀਤੀ ਤਾਂ ਉਹ ਪੇਕੇ ਆ ਗਈ। ਜਿਸ ਕਾਰਨ ਉਸ ਦਾ ਜੀਜਾ ਸ਼ਾਮ ਕਰੀਬ ਸਵਾ ਚਾਰ ਵਜੇ ਆਪਣੇ ਦੋ ਅਣਪਛਾਤੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਆਇਆ ਤੇ ਗਾਲੀ-ਗਲੋਚ ਕਰਨ ਲੱਗਾ। ਜਦੋਂ ਉਸਨੇ ਗੇਟ ਖੋਲਿਆ ਤਾਂ ਉਸਦੇ ਜੀਜੇ ਅੰਗਰੇਜ਼ ਸਿੰਘ ਨੇ ਸਿੱਧੀ ਗੋਲੀ ਉਸ ਉੱਪਰ ਚਲਾ ਦਿੱਤੀ, ਜੋ ਉਸ ਦੀ ਲੱਤ ਵਿਚ ਲੱਗਣ ਕਰ ਕੇ ਉਹ ਜ਼ਮੀਨ ’ਤੇ ਲੇਟ ਗਿਆ। ਇਸ ਦੌਰਾਨ ਅੰਗਰੇਜ਼ ਸਿੰਘ ਨੇ ਕੋਈ ਹੋਰ ਫਾਇਰ ਕੀਤੇ ਅਤੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ। ਉਸ ਦੇ ਪਰਿਵਾਰ ਨੇ ਉਸ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਦਾਖ਼ਲ ਕਰਵਾਇਆ ਹੈ। ਦੂਜੇ ਪਾਸੇ ਥਾਣਾ ਸਦਰ ਤਰਨਤਾਰਨ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਸਮੇਤ ਦੋ ਹੋਰ ਅਣਪਛਾਤਿਆਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।