ਲੁਧਿਆਣਾ-ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਹਸਪਤਾਲ ’ਚ ਹਸਪਤਾਲ ਦੇ ਨਵੀਨੀਕਰਨ ਨੂੰ ਲੈ ਕੇ ਕੀਤੇ ਗਏ ਉਦਘਾਟਨ ਤੇ ਹਸਪਤਾਲ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਪ੍ਰਸ਼ਾਸਨ ਹਸਪਤਾਲ ਦੀਆਂ ਕਮਜ਼ੋਰ ਕੜੀਆਂ ਨੂੰ ਛਪਾ ਕੇ ਮੁੱਖ ਮੰਤਰੀ ’ਤੇ ਪ੍ਰਭਾਵ ਪਾਉਣ ’ਚ ਸਫ਼ਲ ਰਿਹਾ।
ਬਾਕਸ-- ਗੰਦਗੀ ਵਾਲੇ ਇਲਾਕਿਆਂ ਦੇ ਮੂਹਰੇ ਚਿੱਟੇ ਪਰਦੇ ਲਾਏ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ’ਤੇ ਪ੍ਰਭਾਵ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ। ਜ਼ਿਲ੍ਹਾ ਸਰਕਾਰੀ ਹਸਪਤਾਲ ਨੂੰ ਜਿੱਥੇ ਮੇਨ ਗੇਟ ਤੋਂ ਲੈ ਕੇ ਓਪੀਡੀ ਵਿਭਾਗ ਤੇ ਵਾਟਾਂ ਤੱਕ ਸ਼ਿੰਗਾਰਿਆ ਗਿਆ ਸੀ, ਉੱਥੇ ਹੀ ਹਸਪਤਾਲ ਦੀਆਂ ਕਮਜ਼ੋਰ ਕੜੀਆਂ ਭਾਵ ਗੰਦਗੀ ਵਾਲੇ ਇਲਾਕਿਆਂ ਤੇ ਘੱਟ ਸਫਾਈ ਵਾਲੇ ਏਰੀਏ ’ਚ ਚਿੱਟੇ ਪਰਦੇ ਲਾਏ ਗਏ ਤਾਂ ਕਿ ਮੁੱਖ ਮਹਿਮਾਨ ਭਗਵੰਤ ਸਿੰਘ ਮਾਨ ਦੀ ਨਿਗਾ ਨਾ ਜਾਵੇ, ਜਿੱਥੇ ਸਵੇਰ ਤੋਂ ਹੀ ਜ਼ਿਲ੍ਹਾ ਸਰਕਾਰੀ ਹਸਪਤਾਲ ਡੇਰੇ ਲਾਏ ਹੋਏ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਪੱਤਰਕਾਰਾਂ ਤੋਂ ਮੁੱਖ ਮੰਤਰੀ ਦੂਰ ਰੱਖਣ ਲਈ ਉਨ੍ਹਾਂ ਨੂੰ ਹਸਪਤਾਲ ’ਚ ਐਂਟਰੀ ਨਹੀਂ ਦਿੱਤੀ ਗਈ। ਹਸਪਤਾਲ ਦੀਆਂ ਕਮਜ਼ੋਰ ਕੜੀਆਂ ਦੇਖੀਆਂ ਗਈਆਂ, ਜਿੱਥੇ ਸਫਾਈ ਵਿਵਸਥਾ ਦੀ ਘਾਟ ਸੀ ਪਰ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਪ੍ਰਸ਼ਾਸਨ ਵੱਲੋਂ ਉੱਥੇ ਚਿੱਟੇ ਪਰਦੇ ਲਾ ਦਿੱਤੇ ਗਏ ਤਾਂ ਕਿ ਮੁੱਖ ਮੰਤਰੀ ਦੀ ਉਸ ਪਾਸੇ ਨਿਗ੍ਹਾ ਨਾ ਜਾਵੇ।
ਬਾਕਸ-- ਬਾਹਰੋਂ ਲਿਆਂਦਾ ਸਾਮਾਨ ਕੀਤਾ ਵਾਪਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪ੍ਰਭਾਵ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਹਸਪਤਾਲ ਨੂੰ ਮੇਨ ਗੇਟ, ਓਪੀਡੀ ਵਿਭਾਗ ਰੈਂਪਾ ਤੋਂ ਲੈ ਕੇ ਹਸਪਤਾਲ ਦੀ ਤੀਜੀ ਮੰਜ਼ਿਲ ਜਿੱਥੇ ਜ਼ਿਲ੍ਹਾ ਸਰਕਾਰੀ ਹਸਪਤਾਲ ਦਾ ਆਪਰੇਸ਼ਨ ਥੀਏਟਰ ਹੈ, ਥੀਏਟਰ ਦੇ ਵੀ ਬਾਹਰੀ ਭਾਗ ਤੇ ਅੰਦਰਲੇ ਭਾਗ ਨੂੰ ਫੁੱਲਾਂ ਤੇ ਗਮਲਿਆਂ ਨਾਲ ਪੂਰੀ ਤਰ੍ਹਾਂ ਸਜਾਇਆ ਗਿਆ ਸੀ, ਜਿਉਂ ਹੀ ਮੁੱਖ ਮੰਤਰੀ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਨਵੀਨੀਕਰਨ ਦਾ ਉਦਘਾਟਨ ਕਰ ਕੇ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਵਾਪਸ ਜਾਂਦਿਆਂ ਹੀ ਬਾਹਰੋਂ ਲਿਆਂਦਾ ਗਿਆ ਸਾਮਾਨ ਮੁਲਾਜ਼ਮਾਂ ਵੱਲੋਂ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਗਿਆ।