ਜਲੰਧਰ : ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸੋਮਵਾਰ ਰਾਤ (7 ਅਪ੍ਰੈਲ) ਗ੍ਰਨੇਡ ਸੁੱਟਣ ਦੀ ਸਾਜ਼ਿਸ਼ 16 ਮਾਰਚ ਨੂੰ ਯੂ-ਟਿਊਬਰ ਰੋਜ਼ਰ ਸੰਧੂ ਦੇ ਘਰ ਗ੍ਰਨੇਡ ਸੁੱਟੇ ਜਾਣ ਦੇ ਸਮੇਂ ਹੀ ਰਚੀ ਗਈ ਸੀ। ਇਕ ਮਹੀਨਾ ਪਹਿਲਾਂ ਪਾਕਿਸਤਾਨ ਬੈਠੇ ਆਈਐੱਸਆਈ ਏਜੰਟ ਸ਼ਹਿਜ਼ਾਦ ਭੱਟੀ ਤੇ ਗੈਂਗਸਟਰ ਜੀਸ਼ਾਨ ਅਖ਼ਤਰ ਨੇ ਇਹ ਸਾਜ਼ਿਸ਼ ਰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਰੋਜ਼ਰ ਸੰਧੂ ਦੇ ਘਰ ਗ੍ਰਨੇਡ ਸੁੱਟਣ ਤੋਂ ਪਹਿਲਾਂ ਦੋ ਗ੍ਰਨੇਡ ਆਏ ਸਨ। ਇਨ੍ਹਾਂ ’ਚੋਂ ਇਕ ਯੂ-ਟਿਊਬਰ ਦੇ ਘਰ ’ਤੇ ਸੁੱਟਿਆ ਗਿਆ ਤੇ ਦੂਜਾ ਜਲੰਧ੍ਰ ਦੇ ਕਿਸੇ ਵੱਡੇ ਨੇਤਾ ਦੇ ਘਰ ਸੁੱਟਣ ਲਈ ਰੱਖ ਲਿਆ ਗਿਆ ਸੀ। ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਵੱਡਾ ਸਿਆਸੀ ਕੱਦ ਤੇ ਉਨ੍ਹਾਂ ਦੇ ਘਰ ਵਾਰਦਾਤ ਤੋਂ ਬਾਅਦ ਉੱਥੋਂ ਸੌਖਿਆਂ ਭੱਜ ਜਾਣ ਦੇ ਕਈ ਰਸਤੇ ਹੋਣ ਕਾਰਨ ਉੱਥੇ ਗ੍ਰਨੇਡ ਹਮਲੇ ਦਾ ਪਲਾਨ ਬਣਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜੀਸ਼ਾਨ ਤੇ ਸ਼ਹਿਜ਼ਾਦ ਭੱਟੀ ਨੇ ਆਈਐੱਸਆਈ ਦੇ ਕਹਿਣ ’ਤੇ ਦੋਵੇਂ ਗ੍ਰਨੇਡ ਸੁੱਟਣ ਦੀ ਯੋਜਨਾ ਇਕੱਠੇ ਬਣਾਈ ਸੀ। ਹੁਣੇ ਜਿਹੇ ਜਾਰੀ ਵੀਡੀਓ ਤੋਂ ਪਹਿਲਾਂ ਵੀ ਭੱਟੀ ਨੇ ਵੀਡੀਓ ਵਾਇਰਲ ਕਰ ਕੇ ਇਕ ਹੋਰ ਧਮਾਕੇ ਦੀ ਚਿਤਾਵਨੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਯੂ-ਟਿਊਬਰ ਦੇ ਘਰ ਗ੍ਰਨੇਡ ਰੰਜਿਸ਼ ਕਾਰਨ ਸੁੱਟਿਆ ਗਿਆ ਸੀ ਜਦਕਿ ਸਾਬਕਾ ਮੰਤਰੀ ’ਤੇ ਗ੍ਰਨੇਡ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਸੁੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਯੂ-ਟਿਊਬਰ ਦੇ ਘਰ ਗ੍ਰਨੇਡ ਹਮਲੇ ਤੋਂ ਬਾਅਦ ਗ੍ਰਿਫ਼ਤਾਰ ਹੋਏ ਮੁਲਜਮ਼ਾਂ ਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਜਾਣੀ ਸੀ ਤੇ ਉਹ ਗ੍ਰਿਫ਼ਤਾਰ ਹੋ ਗਏ ਤਾਂ ਕਾਲੀਆ ਦੇ ਘਰ ਗ੍ਰਨੇਡ ਸੁੱਟਣ ਦਾ ਕੰਮ ਸਈਦੁਲ ਅਮੀਨ ਨੂੰ ਸੌਂਪਿਆ ਗਿਆ ਜਿਸ ਨੂੰ ਸ਼ਨਿਚਰਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਈਦੁਲ ਨੇ ਹੈਰੀ ਤੇ ਸਤੀਸ਼ ਨੂੰ ਆਪਣੇ ਨਾਲ ਮਿਲਾਇਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਜਾਂਚ ਕਰ ਰਹੀ ਹੈ ਕਿ ਮਾਮਲੇ ’ਚ ਹੋਰ ਕਿੰਨੇ ਮੁਲਜ਼ਮ ਸ਼ਾਮਿਲ ਹਨ ਜਾਂ ਜਲੰਧਰ ਦੇ ਕਿੰਨੇ ਨੌਜਵਾਨਾਂ ਨੂੰ ਜੀਸ਼ਾਨ ਨੇ ਆਪਣੇ ਨਾਲ ਮਿਲਾਇਆ ਹੈ।
ਮੁੱਖ ਮੁਲਜ਼ਮ ਸਈਦੁਲ ਸੱਤ ਦਿਨਾਂ ਦੇ ਪੁਲਿਸ ਰਿਮਾਂਡ ’ਤੇ
ਇਸ ਮਾਮਲੇ ’ਚ ਦਿੱਲੀ ਤੋਂ ਗ੍ਰਿਫ਼ਤਾਰ ਮੁੱਖ ਮੁਲਜ਼ਮ ਸਈਦੁਲ ਅਮੀਨ ਨੂੰ ਪੁਲਿਸ ਨੇ ਸੱਤ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਪੁਲਿਸ ਨੇ ਸਿਵਲ ਹਸਪਤਾਲ ਤੋਂ ਮੁਲਜਮ਼ ਦਾ ਮੈਡੀਕਲ ਕਰਵਾਇਆ ਹੈ ਤੇ ਉਸ ਨੂੰ ਡਿਊਟੀ ਮੈਜਿਸਟ੍ਰੇਟ ਆਕਾਸ਼ਦੀਪ ਦੀ ਅਦਾਲਤ ’ਚ ਪੇਸ਼ ਕਰ ਕੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਪੁਲਿਸ ਨੂੰ ਸੱਤ ਦਿਨਾਂ ਦਾ ਰਿਮਾਂਡ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ’ਚ ਛੇ ਹੋਰ ਲੋਕ ਸ਼ਾਮਿਲ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਗ੍ਰਨੇਡ ਦੀ ਸੂਚਨਾ ਨਾਲ ਸਨਸਨੀ, ਪੁਲਿਸ ਨੂੰ ਕੁਝ ਨਹੀਂ ਮਿਲਿਆ
ਐਤਵਾਰ ਸਵੇਰੇ ਪਠਾਨਕੋਟ ਰੋਡ ’ਤੇ ਗ੍ਰਨੇਡ ਮਿਲਣ ਦੀ ਸੂਚਨਾ ਨਾਲ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਏਸੀਪੀ ਪਰਮਜੀਤ ਸਿੰਘ ਤੇ ਸੀਆਈਏ ਇੰਚਾਰਜ ਰਵਿੰਦਰ ਕੁਮਾਰ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਜਾਂਚ ਕੀਤੀ। ਉੱਥੇ ਪਹੁੰਚ ਕੇ ਪਤਾ ਲੱਗਿਾ ਕਿ ਗ੍ਰਨੇਡ ਮਿਲਣ ਦੀ ਗੱਲ ਅਫ਼ਵਾਹ ਹੈ। ਦੱਸਿਆ ਜਾ ਰਿਹਾ ਸੀ ਕਿ ਕਾਊਂਟਰ ਇੰਟੈਲੀਜੈਂਸ ਨੇ ਕਪੂਰਥਲਾ ਤੋਂ ਆਰਡੀਐਕਸ ਤੇ ਰਾਕੇਟ ਲਾਂਚਰ ਨਾਲ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸੇ ਮਾਮਲੇ ’ਚ ਸੀਆਈਏ ਟੀਮ ਇਨਪੁਟ ਮਿਲਣ ’ਤੇ ਉੱਥੇ ਪੁੱਜੀ ਤੇ ਸਰਚ ਕੀਤੀ। ਉੱਥੇ ਮੌਜੂਦ ਲੋਕਾਂ ਨੂੰ ਲੱਗਿਆਸੀ ਕਿ ਇੱਥੇ ਪੁਲਿਸ ਨੂੰ ਕੁਝ ਮਿਲਿਆ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਗ੍ਰਨੇਡ ਮਿਲਣ ਵਰਗੀ ਕੋਈ ਗੱਲ ਨਹੀਂ ਹੈ।