ਲੁਧਿਆਣਾ : ਲੁਧਿਆਣਾ ਦੇ ਸਪੈਸ਼ਲ ਸੈੱਲ ਤੇ ਏਜੀਟੀਐੱਫ ਦੀ ਟੀਮ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ .32 ਬੋਰ ਦੀਆਂ ਤਿੰਨ ਨਾਜਾਇਜ਼ ਦੇਸੀ ਪਿਸਤੌਲਾਂ, ਤਿੰਨ ਮੈਗਜ਼ੀਨ ਤੇ ਕੁੱਲ 25 ਰੌਂਦ ਬਰਾਮਦ ਕੀਤੇ। ਜਾਣਕਾਰੀ ਦਿੰਦਿਆਂ ਏਡੀਸੀਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਗਿਆਸਪੁਰਾ ਦੇ ਸੂਆ ਰੋਡ ਵਾਸੀ ਮਨੀਸ਼ ਕੁਮਾਰ ਉਰਫ ਸ਼ੇਖਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਮੁਲਜ਼ਮ ਮਨੀਸ਼ ਪਿੱਛੋਂ ਬਿਹਾਰ ਦੇ ਜੰਜਾਲਪੁਰ ਇਲਾਕੇ ਦਾ ਵਾਸੀ ਹੈ। ਜਾਣਕਾਰੀ ਦਿੰਦਿਆਂ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ, ਏਸੀਪੀ ਰਾਜੇਸ਼ ਸ਼ਰਮਾ ਤੇ ਸਪੈਸ਼ਲ ਸੈੱਲ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਨੇ ਲੁਧਿਆਣਾ ਦੇ ਏਜੀਟੀਐੱਫ ਦੀ ਟੀਮ ਨਾਲ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਈਸਟ ਮੈਨ ਚੌਕ ’ਚ ਕੀਤੀ ਨਾਕਾਬੰਦੀ ਦੌਰਾਨ ਮੁਲਜ਼ਮ ਮਨੀਸ਼ ਕੁਮਾਰ ਉਰਫ ਸ਼ੇਖਰ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ’ਚੋਂ ਤਿੰਨ ਨਾਜਾਇਜ਼ ਦੇਸੀ ਪਿਸਤੌਲਾਂ, ਤਿੰਨ ਮੈਗਜ਼ੀਨ ਤੇ ਕੁੱਲ 25 ਕਾਰਤੂਸ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਏਡੀਸੀਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਮੁਲਜਮ ਦੀ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ।