ਲੁਧਿਆਣਾ- ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਦੇ ਕ੍ਰਾਈਮ ਬ੍ਰਾਂਚ 1 ਦੀ ਟੀਮ ਨੇ ਤਸਕਰ ਨੂੰ ਗ੍ਰਿਫਤਾਰ ਕਰ ਕੇ ਉਸਦੇ ਕਬਜ਼ੇ ਚੋਂ 1 ਕਿਲੋ 17 ਗ੍ਰਾਮ ਹੈਰੋਇਨ, ਇੱਕ 32ਬੋਰ ਦੀ ਪਿਸਤੌਲ ਤੇ 3 ਰੋਂਦ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕੋਟ ਮੰਗਲ ਸਿੰਘ ਲੁਧਿਆਣਾ ਦੇ ਵਾਸੀ ਜਸਪ੍ਰੀਤ ਸਿੰਘ ਉਰਫ ਨੰਨੂ ਵੱਜੋਂ ਹੋਈ ਹੈ।ਪੁਲਿਸ ਨੇ ਮੁਲਜ਼ਮ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਕ੍ਰਾਈਮ ਬਰਾਂਚ ਦੀ ਟੀਮ ਗਸ਼ਤ ਸਬੰਧੀ ਇੱਟਾਂ ਵਾਲਾ ਚੌਂਕ ਮੌਜੂਦ ਸੀ। ਇਸੇ ਦੌਰਾਨ ਇਤਲਾਹ ਮਿਲੀ ਕਿ ਮੁਲਜ਼ਮ ਜਸਪ੍ਰੀਤ ਸਿੰਘ ਦੇ ਖਿਲਾਫ ਪਹਿਲੋਂ ਤੋਂ ਹੀ ਗਿਰੋਹਬੰਦੀ ਦਾ ਇੱਕ ਮੁਕਦਮਾ ਦਰਜ ਹੈ।ਜਿਸ ਕੋਲੋਂ ਅਸਲਾ ਅਤੇ ਨਸ਼ਾ ਬਰਾਮਦ ਕੀਤਾ ਗਿਆ ਸੀ। ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਦੇ ਕੋਲ ਇਸ ਵੇਲੇ ਵੀ ਹੈਰੋਇਨ ਅਤੇ ਨਾਜਾਇਜ਼ ਅਸਲਾ ਹੈ। ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਏਟੀਆਈ ਰੋਡ ਤੋਂ ਹਿਰਾਸਤ ਵਿਚ ਲਿਆ। ਤਲਾਸ਼ੀ ਦੇ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਚੋਂ 1 ਕਿਲੋ 17 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ। ਕ੍ਰਾਈਮ ਬਰਾਂਚ ਦੀ ਟੀਮ ਨੇ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।