ਕੁਦਰਤ ਕਾਇਨਾਤ ਦੀ ਸਭ ਤੋਂ ਵੱਡੀ ਨਿਆਮਤ
ਕੁਦਰਤ ਇਸ ਕਾਇਨਾਤ ਦੀ ਸਭ ਤੋਂ ਵੱਡੀ ਨਿਆਮਤ ਹੈ। ਕੁਦਰਤ ਕੋਲ ਵੱਡੇ-ਵੱਡੇ ਨਿਆਮਤਾਂ ਦੇ ਭੰਡਾਰ ਹਨ, ਜੋ ਸਾਡੇ ਹੀ ਲਈ ਹਨ।ਮਨੁੱਖ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ।ਓਧਰ ਕੁਦਰਤ ਵੀ ਮਨੁੱਖ ਨੂੰ ਲਗਾਤਾਰ ਇਸ਼ਾਰੇ ਕਰ ਰਹੀ ਹੈ ।ਕੁਦਰਤ ਨਾਲ ਛੇੜਛਾੜ ਕਰਕੇ ਧਰਤੀ ਦਾ ਸੰਤੁਲਨ ਵਿਗੜ ਗਿਆ ਹੈ। ਜਲਵਾਯੂ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਝੀਲਾਂ ਦਾ ਪਾਣੀ ਸੁੱਕ ਰਿਹਾ ਹੈ।ਦੇਖਿਆ ਗਿਆ ਕਿ ਜਦੋਂ ਫਸਲ ਪੱਕਣ ਤੇ ਆਉਂਦੀ ਹੈ ਤਾਂ ਕੁਦਰਤ ਛਿਣਾਂ 'ਚ ਹੀ ਪੱਕੀ ਫਸਲ ਨੂੰ ਬਰਬਾਦ ਕਰ ਦਿੰਦੀ ਹੈ। ਜਦੋਂ ਕਣਕ ਦੀ ਵਾਢੀ ਕਰਨੀ ਸੀ ਤਾਂ ਕੁਦਰਤ ਨੇ ਪੱਕੀ ਕਣਕ ਖੇਤਾਂ ਵਿੱਚ ਹੀ ਵਿਛਾ ਦਿੱਤੀ। ਫਸਲਾਂ ਦੀ ਵੱਧ ਪੈਦਾਵਾਰ ਲਈ ਕੀਟਨਾਸ਼ਕਾਂ ਦੀ ਧੱੜਲੇ ਨਾਲ ਵਰਤੋਂ ਹੋ ਰਹੀ ਹੈ। ਪਤਾ ਨਹੀਂ ਕਿੰਨੇ ਹੀ ਰਸਾਇਣਿਕ ਖਾਦ ਵੱਧ ਉਪਜ ਲਈ ਖੇਤਾਂ ਵਿੱਚ ਪਾਏ ਜਾ ਰਹੇ ਹਨ। ਨਿਰਾਂ ਇਕ ਤਰ੍ਹਾਂ ਨਾਲ ਜ਼ਹਿਰ ਹੈ।ਅੱਜ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ। ਫੇਫੜੇ ਦਿਲ ਦੇ ਰੋਗਾਂ ਦੇ ਮਰੀਜ਼ ਲਗਾਤਾਰ ਵਧਦੇ ਜਾ ਰਹੇ ਹਨ। ਛੋਟੀ ਛੋਟੀ ਉਮਰ ਦੇ ਬੱਚੇ ਕੈਂਸਰ ਨਾਲ ਪੀੜਤ ਹਨ। ਹੁਣ ਤਾਂ ਪਸ਼ੂਆਂ ਵਿੱਚ ਵੀ ਇਹ ਨਾਮੁਰਾਦ ਬਿਮਾਰੀ ਪਾਈ ਜਾ ਰਹੀ ਹੈ। ਦੇਖੋ ਅਸੀਂ ਪਸ਼ੂਆਂ ਦਾ ਦੁੱਧ ਪੀਂਦੇ ਹਨ ,ਉਹ ਦੁੱਧ ਸਾਡੇ ਲਈ ਕਿੰਨਾ ਘਾਤਕ ਹੋ ਸਕਦਾ ਹੈ।ਪੌਣ-ਪਾਣੀ ਸਭ ਕੁੱਝ ਜ਼ਹਿਰੀਲਾ ਹੋ ਚੁੱਕਿਆ ਹੈ। ਫੈਕਟਰੀਆਂ ਦੀ ਰਹਿੰਦ ਖੂਹੰਦ ਨੂੰ ਦਰਿਆਵਾਂ ਵਿੱਚ ਸੁੱਟ ਕੇ ਕੁਦਰਤੀ ਬਨਸਪਤੀ ਨੂੰ ਵੀ ਪ੍ਰਭਾਵਿਤ ਕੀਤਾ ਗਿਆ ਹੈ। ਹੁਣ ਚੇਤੇ ਕਰਵਾ ਦੇਈਏ ਕਿ ਜਦੋਂ ਲਾਕਡਾਊਨ ਲੱਗਾ ਸੀ ਤਾਂ ਕੁਦਰਤ ਨਵੀਂ ਵਹੁਟੀ ਦੀ ਤਰ੍ਹਾਂ ਸੱਜ ਗਈ ਸੀ। ਕਿਉਂਕਿ ਜੀਵ-ਜੰਤੂ ਆਜ਼ਾਦ ਸਨ ,ਮਨੁੱਖ ਕੈਦ ਵਿੱਚ ਸੀ । ਘੱਗਰ ਤੋਂ ਲੈ ਕੇ ਬੁੱਢਾ ਨਾਲਾ, ਗੰਗਾ, ਜਮਨਾ ਤੱਕ ਸਾਫ-ਸੁਥਰੇ ਹੋ ਗਏ ਸਨ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਵਾਤਾਵਰਣ ਬਹੁਤ ਸਾਫ਼-ਸੁਥਰਾ ਸੀ।ਪਿੱਛੇ ਜਿਹੇ ਉਤਰਾਖੰਡ ਦੇ ਜੋਸ਼ੀਮੱਠ ਵਿਖੇ ਕਈ ਘਰਾਂ ਵਿੱਚ ਤਰੇੜਾਂ ਆਉਣ ਦੀਆਂ ਖ਼ਬਰਾਂ ਅਸੀਂ ਆਮ ਸੁਣੀਆਂ ਸਨ। ਪਹਾੜੀ ਖੇਤਰਾਂ ਵਿੱਚ ਵੀ ਵੱਡੀ ਵੱਡੀ ਇਮਾਰਤਾਂ ਉਸਾਰ ਦਿੱਤੀਆਂ ਗਈਆਂ ਹਨ। 2012 ਵਿਚ ਜੋ ਉਤਰਾਖੰਡ ਵਿੱਚ ਹੜ੍ਹਾਂ ਨਾਲ ਤਬਾਹੀ ਹੋਈ ਸੀ, ਉਹ ਦਿਨ ਯਾਦ ਕਰਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ।ਪੈਸੇ ਦੀ ਹੋੜ ਲੱਗੀ ਹੋਈ ਹੈ।ਮਨੁੱਖ ਨੇ ਕੁਦਰਤ ਨਾਲੋਂ ਰਿਸ਼ਤਾ ਤੋੜ ਲਿਆ ਹੈ। ਜਿਸ ਕਰਕੇ ਸਾਨੂੰ ਕੁਦਰਤ ਕਰੋਪੀਆਂ ਜਿਵੇਂ ਭੂਚਾਲ, ਸੁਨਾਮੀ, ਤੂਫ਼ਾਨ, ਗਰਮੀਆਂ ਦੇ ਮੌਸਮ ਵਿਚ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿਚ ਵਿਗਿਆਨੀ ਖੋਜ ਮੁਤਾਬਕ ਪੰਜਾਬ ਦਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਕਈ ਹਿੱਸਿਆਂ ਦਾ ਪਾਣੀ ਤਾਂ ਪੀਣ ਯੋਗ ਵੀ ਨਹੀਂ ਰਿਹਾ ਹੈ, ਕਿਉਂਕਿ ਜ਼ਹਿਰੀਲੇ ਤੱਤ ਉਸ ਵਿੱਚ ਆ ਮਿਲੇ ਹਨ ।ਪਿਛਲੇ ਹਫ਼ਤੇ ਹੀ ਖ਼ਬਰ ਪੜ੍ਹੀ ਕਿ ਔਸਤਨ 0.77 ਮੀਟਰ ਤੋਂ 1.59 ਮੀਟਰ ਤੋਂ ਜ਼ਿਆਦਾ ਹੇਠਾਂ ਪਾਣੀ ਚਲਾ ਗਿਆ ਹੈ। ਹਾਲਾਂਕਿ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਵਾਰ-ਵਾਰ ਸਲਾਹ ਦਿੱਤੀ ਜਾ ਰਹੀ ਹੈ ਕਿ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਬਿਜਾਈ ਕਰੋ। ਪ੍ਰਦੂਸ਼ਣ ਨੂੰ ਖਤਮ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਚਲੋ ਕੁਝ ਹੱਦ ਤੱਕ ਤਾਂ ਰਾਹਤ ਮਿਲੇਗੀ । ਪਬਲਿਕ ਵਹੀਕਲਜ਼ ਦੀ ਵਰਤੋਂ ਕਰਨੀ ਚਾਹੀਦੀ ਹੈ।ਅੱਜ ਚਿੰਤਨ ਕਰਨ ਦਾ ਵੇਲਾ ਹੈ। ਮਨੁੱਖਤਾ ਨੂੰ ਬਚਾਉਣ ਲਈ ਅੱਜ ਚੌਗਿਰਦੇ ਦੀ ਸੰਭਾਲ ਬਹੁਤ ਜ਼ਰੂਰੀ ਹੈ। ਤਾਂ ਹੀ ਅਸੀਂ ਪੰਜਾਬ ਨੂੰ ਮੁੜ ਤੋਂ ਹਰਾ ਭਰਿਆ ਤੇ ਸਾਫ਼-ਸੁਥਰਾ ਬਣਾ ਸਕਦੇ ਹਾਂ।
ਸੰਜੀਵ ਸਿੰਘ ਸੈਣੀ,