ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ
ਮਨੁੱਖਤਾ ਦੇ ਰਹਿਬਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਨਿਰਮਲੇ ਸਿੱਖ ਪੰਥ ਜੋ ਇੱਕ ਅਕਾਲ ਪੁਰਖ ਨੂੰ ਚੇਤਿਆਂ ਵਿੱਚ ਰੱਖਦਾ ਹੋਇਆ ਨਿਰਭਾਉ ਨਿਰਵੈਰ ਰਹਿੰਦਾ ਹੋਇਆ ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਦਾ ਡਰ ਮੰਨਣਾ ਜਬਰ ਜੁਲਮ ਦੇ ਖਿਲਾਫ ਅਵਾਜ ਉਠਾਉਣ ਦੇ ਮਨੁੱਖਤਾ ਨੂੰ ਜੋ ਸੁਨਹਿਰੀ ਉਪਦੇਸ਼ ਦਿੱਤੇ ਉਸ ਉਪੱਰ ਆਪ ਚੱਲ ਕਿ ਮਹਾਨ ਕੁਰਬਾਨੀਆਂ ਕੀਤੀਆਂ । ਇਹ ਪੋਹ ਦਾ ਮਹੀਨਾ ਅਜਿਹੀਆਂ ਸ਼ਹਾਦਤਾਂ ਦਾ ਮਹੀਨਾ ਹੈ, ਜਿਹੜੀਆਂ ਲਾਸਾਨੀ ਹਨ, ਵਿਲੱਖਣ ਹਨ, ਸ਼ਹਾਦਤਾਂ ਦੀ ਮਹਾਨਤਾ ਨੂੰ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਉਦੀਆਂ ਹਨ। ਬਹਾਦਰੀ, ਦਲੇਰੀ, ਕੁਰਬਾਨੀ, ਅਣਖ, ਦ੍ਰਿੜਤਾ, ਗੁਰੂ ਪ੍ਰਤੀ ਸਮਰਪਿਤ ਭਾਵਨਾ ਦੀ ਅਜਿਹੀ ਮਿਸ਼ਾਲ ਹਨ, ਜਿੰਨਾਂ ਦਾ ਹੋਰ ਕੋਈ ਸਾਨੀ ਨਹੀਂ। ਦਸਮੇਸ਼ ਪਿਤਾ ਦਾ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ, ਦੁਸ਼ਮਣਾ ਦਾ ਵਾਅਦਿਆਂ ਨੂੰ ਤੋੜਨ, ਸਿਰਸਾ ਨਦੀ ਦਾ ਸ਼ੂਕਦਾ ਪਾਣੀ, ਪੋਹ ਦੀ ਕੜਾਕੇ ਦੀ ਠੰਡ ਪਿੱਛੋ ਟਿੱਡੀ ਦਲ ਵਾਗੂੰ ਚੜਿਆ ਆ ਰਿਹਾ ਦੁਸ਼ਮਣ ਫੌਜਾ ਦਾ ਵਿਸ਼ਾਲ ਘੇਰਾ, ਇਹ ਸਾਰਾ ਕੁੱਝ ਪੋਹ ਮਹੀਨੇ 'ਚ ਵਾਪਰਿਆ, ਜਿਸਨੇ ਦੁਨੀਆਂ ਦੇ ਇਤਿਹਾਸ ਖ਼ਾਸ ਕਰਕੇ ਸ਼ਹਾਦਤਾਂ ਦੇ ਇਤਿਹਾਸ 'ਚ ਆਪਣਾ ਵਿਲੱਖਣ ਸਥਾਨ ਬਣਾ ਲਿਆ।
ਸਾਹਿਬੇ ਕਮਾਲ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ , ਬਾਬਾ ਜੁਝਾਰ ਸਿੰਘ ਜੀ ਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਸਾਹਿਬ ਵਿੱਚ ਜਾਲਮ ਫੌਜਾਂ ਨਾਲ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ ਤੇ ਗੰਗੂ ਬਹਮਣ ਨੇ ਗਦਾਰੀ ਕਰਕੇ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਸੂਬੇ ਸਰਹੰਦ ਕੋਲ ਗਿਰਫਤਾਰ ਕਰਾ ਦਿੱਤਾ ਅੱਜ ਸਿੱਖ ਪੰਥ ਇਹਨਾਂ ਸ਼ਹਾਦਤਾਂ ਨੂੰ ਦੁਨੀਆਂ ਦੇ ਇਤਿਹਾਸ ਵਿੱਚ ਲਸਾਨੀ ਤੇ ਅਦੁੱਤੀਆਂ ਸ਼ਹਾਦਤਾਂ ਮੰਨਦਾ ਹੈ ਕਿਉਂਕਿ ਦੁਨੀਆਂ ਦੇ ਇਤਿਹਾਸ ਵਿੱਚ 7 ਸਾਲ ਤੇ 9 ਸਾਲ ਦੇ ਬੱਚਿਆਂ ਨਾਲ ਗੰਗੂ ਬਹਮਣ ਦੀ ਗਦਾਰੀ , ਸਰਹੰਦ ਦੇ ਸੂਬੇਦਾਰ ਵਜ਼ੀਦ ਖਾਨ ਦੀ ਹਕੂਮਤ ਤੇ ਇਸ ਦੇ ਕਰਿੰਦੇ ਸੁੱਚਾ ਨੰਦ ਨੇ ਪਿਆਰ, ਲਾਲਚ ਤੇ ਡਰਾਵਿਆਂ ਨਾਲ ਝੁਕਾਉਣ ਦੀ ਹਰ ਕੋਸ਼ਿਸ਼ ਨੂੰ ਅਸਫਲ ਬਣਾਉਣ ਦਾ ਇਵਜਾਨਾ ਮਸੂਮ ਨਿੱਕੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਿਣਵਾ ਕੇ ਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹਾਦਤ ਨਾਲ ਚੁਕਾਉਣਾ ਪਿਆ । ਹਕੂਮਤ ਦੀ ਇਸ ਜਾਲਮਾਨਾਂ ਕਾਰਵਾਈ ਨੂੰ ਦੇਖ ਸੁਣਕੇ ਕੋਈ ਵੀ ਐਸੀ ਇਨਸਾਨੀ ਅੱਖ ਨੀ ਹੋਣੀ ਜਿਸ ਨੇ ਨੀਰ ਨਾ ਵਹਾਇਆ ਹੋਵੇ ਤੇ ਹਕੂਮਤ ਨੂੰ ਲਾਹਣਤਾਂ ਤੇ ਇਸ ਜ਼ੁਲਮੀ ਹਕੂਮਤ ਦੀ ਜੜ੍ਹ ਪੁੱਟ ਹੋਣ ਦੀਆਂ ਬਦਦੁਆਵਾਂ ਨਾ ਦਿੱਤੀਆਂ ਹੋਣ।ਇਹਨਾਂ ਸ਼ਹਾਦਤਾਂ ਨੂੰ ਯਾਦ ਕਰਨ ਲਈ ਹਰ ਸਾਲ ਸ਼ਹੀਦੀ ਸਭਾ ਦੇ ਤੌਰਤੇ ਮਨਾਉਦੀ ਆ ਰਿਹੀ ਸਿੱਖ ਕੌਮ ਹੁਣ ਅਨੇਕਾਂ ਸਾਲਾ ਤੋਂ ਇਹਨਾਂ ਮਹਾਨ ਸ਼ਹੀਦਾਂ ਨੂੰ ਰਸਮੀ ਜਿਹੀ ਸ਼ਰਧਾਂ ਭੇਟ ਕਰਨ ਲਈ ਮਨਾਉਦੀ ਆ ਰਿਹੀ ਹੈ ।ਦੀਵਾਨ ਸਜਦੇ ਹਨ, ਤਕਰੀਰਾਂ ਕੀਤੀਆਂ ਜਾਦੀਆਂ ਹਨ. ਵਾਰਾਂ ਗਾਈਆਂ ਜਾਦੀਆਂ ਹਨ ਨਗਰ ਕੀਰਤਨ ਕੱਢੇ ਜਾਦੇ ਹਨ ਤਿੰਨ ਦਿਨ ਆਪਣੇ ਵੱਲੋਂ ਪੁਰੀ ਸ਼ਰਧਾਂ ਨਾਲ ਸ਼ਹੀਦੀ ਦਿਹਾੜੇ ਇੱਕ ਲੜੀ ਦੀ ਤਰ੍ਹਾਂ ਆਉਦੇ ਹਨ ਤੇ ਲੰਘ ਜਾਦੇ ਹਨ । ਅਸੀਂ ਕਦੀ ਡੂੰਘੀ ਸੋਚ ਨਾਲ ਇਹ ਨਹੀ ਵਿਚਾਰਿਆ ਕਿ ਇਹ ਸ਼ਹਾਦਤਾਂ ਕਿਉਂ ਹੋਈਆਂ?
ਇਹ ਮਹਾਨ ਸ਼ਹੀਦੀਆਂ ਸਾਨੂੰ ਕੀ ਸਬਕ ਦਿੰਦੀਆਂ ਹਨ ? ਸਾਥੋਂ ਇਹ ਸ਼ਹੀਦੀਆਂ ਕੀ ਮੰਗ ਕਰਦੀਆਂ ਹਨ ? ਜਿਸ ਸਮੇਂ ਕੌਮ ਨੇ ਇਸ ਤਰ੍ਹ੍ਹਾਂ ਸੋਚਿਆ ਤਾਂ ਇਹਨਾਂ ਸੋਚਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਪ੍ਰਣ ਕੀਤੇ, ਉਸ ਸਮੇਂ ਇਤਿਹਾਸ ਨੇ ਆਪਣੀ ਸਿਰਜਣਾ ਦਾ ਇੱਕ ਅਨੋਖਾ ਕਾਂਡ ਅਰੰਭ ਦਿੱਤਾ । ਇਹ ਕਾਂਡ ਸੀ ਜੋ ਸੂਰਬੀਰ ਮਹਾਂਬਲੀ ਬੰਦਾ ਸਿੰਘ ਬਹਾਦਰ ਜੀ ਨੇ ਦਸ਼ਮੇਸ਼ ਪਿਤਾ ਜੀ ਦੀ ਥਾਪਣਾ ਨਾਲ ਇਸੇ ਸ਼ਹੀਦੀ ਅਸਥਾਨ ਸਰਹੰਦ ਦੀ ਧਰਤੀ ਤੋਂ ਸ਼ੁਰੂ ਕੀਤਾ । ਇਹ ਇੱਕ ਰਸਮੀ ਸ਼ਰਧਾਜ਼ਲੀ ਨਹੀਂ ਸੀ, ਸਗੋ ਇੱਕ ਅਜਿਹੀ ਵੰਗਾਰ ਭਰੀ ਪ੍ਰਤਿਗਿਆ ਸੀ ਜੋ ਤਕਰੀਬਨ ਇੱਕ ਸੌਂ ਸਾਲ ਪੰਜਾਬ ਦੀ ਧਰਤੀ ਤੇ ਸੂਰਬੀਰ ਸਿੱਖ ਕੌਮ ਦੇ ਸੁਨਹਿਰੀ ਇਤਿਹਾਸ ਦਾ ਹਿੱਸਾ ਬਣ ਗਈ ।
ਸੂਰਮਗਤੀ ਦਾ ਇਹ ਇੱਕ ਅਜਿਹਾ ਚਮਤਕਾਰ ਸੀ, ਜੋ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਸਿਰਫ ਪੰਜ ਕੁ ਵਰ੍ਹਿਆਂ ਮਗਰੋਂ ਹੀ ਮੁਗਲ ਸਲਤਨਤ ਦੇ ਸ਼ਾਹੀ ਕਿਲਿਆਂ ਨੂੰ ਖੰਡਰਾਤਾਂ ਤੇ ਥੇਹਾਂ ਵਿੱਚ ਬਦਲਣ ਤੇ ਮਲੀਆਂ ਮੇਟ ਕਰਨ ਵਿੱਚ ਮੂਰਤੀਮਾਨ ਹੋਇਆ । ਖਾਲਸਾ ਆਪਣੀ ਮੰਜ਼ਿਲ ਤੇ ਨਿਸ਼ਾਨੇ ਵੱਲ ਉਨੀ ਦੇਰ ਹੀ ਸਫਲਤਾ ਨਾਲ ਅੱਗੇ ਵਧਦਾ ਗਿਆ, ਜਿੰਨੀ ਦੇਰ ਉਸ ਨੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਤਿਆਗ, ਨਿਸ਼ਕਾਮ ਸੇਵਾ, ਕੁਰਬਾਨੀ ਤੇ ਪਰਉਪਕਾਰ ਨੂੰ ਆਪਣੇ ਜੀਵਨ ਦਾ ਅਸਲੀ ਕਰਤਵ ਮੰਨਿਆ ।ਖਾਲਸੇ ਨੇ ਆਜ਼ਾਦੀ ਦੇ ਸੰਘਰਸ਼ ਲਈ ਕਮਰਕੱਸੇ ਕੀਤੇ ।ਨਗਾਰਿਆ ਤੇ ਚੋਟਾਂ ਲਾ ਦਿੱਤੀਆਂ । ਤਕਰੀਬਨ ਇੱਕ ਸੌ ਵਰ੍ਹੇ ਦੇ ਲੰਮੇ ਸਿਰੜੀ-ਸਿਦਕੀ ਸੰਗਰਾਮ ਤੇ ਖੂਨ ਨਾਲ ਲੱਥ ਪੱਥ ਹੋਏ ਇਤਿਹਾਸ ਨੇ ਆਖਰ ਜਮਨਾ ਦੇ ਤੱਟਾਂ ਤੋਂ ਲੈ ਕੇ ਖੈਬਰ ਦੇ ਦਰਿਆ ਤੱਕ ਖਾਲਸੇ ਦਾ ਅਜ਼ਾਦ ਰਾਜ ਹੋਦ ਵਿੱਚ ਆਇਆ ਇਹ ਸੀ ਅਸਲੀ ਸ਼ਰਧਾਂਜ਼ਲੀ ਦਾ ਫਲ, ਜੋ ਇਤਿਹਾਸ ਨੇ ਖਾਲਸੇ ਦੀ ਝੋਲੀ ਪਾਇਆ ।
ਫਿਰ ਆਇਆ ਗਿਰਾਵਟ ਦਾ ਉਹ ਦੌਰ ਜਿਸ ਨੇ ਸਾਨੂੰ ਗੁਲਾਮੀ ਦੇ ਸੰਗਲਾਂ ਵਿੱਚ ਜਕੜ ਦਿੱਤਾ । ਸ਼ੁਰੂ ਵਿੱਚ ਇਹ ਗੁਲਾਮੀ ਅੰਗਰੇਜ਼ੀ ਰਾਜ ਦੀ ਸੀ ਜੋ ਇੱਕ ਸਦੀ ਤੋਂ ਵੱਧ ਚੱਲਿਆ । ਸੰਤਾਲੀ ਤੋ ਬਾਅਦ ਬ੍ਰਹਮਵਾਦੀ ਸੋਚ ਦੀ ਧਾਰਨੀ ਦਿੱਲੀ ਹਕੂਮਤ ਦੀ ਗੁਲਾਮੀ ਪਿਛਲੇ 76 ਸਾਲਾਂ ਤੋਂ ਖਾਲਸੇ ਨੂੰ ਜਕੜੀ ਬੈਠੀ ਹੈ ਤੇ ਇਸ ਨੇ ਉਹ ਕਿਹੜਾ ਜ਼ੁਲਮ ਹੈ ਜੋ ਸਿੱਖ ਕੌਮ ਤੇ ਨਾ ਕੀਤਾ ਹੋਵੇ। ਦਿੱਲੀ ਤਖਤ ਤੇ ਬਿਰਾਜਮਾਨ ਬ੍ਰਹਮਵਾਦੀ ਹਕੂਮਤ ਨੇ ਸਿੱਖ ਕੌਮ ਨੂੰ ਨੇਸਤੋ ਨੇਬੂਤ ਤੇ ਇਸ ਨੂੰ ਬ੍ਰਹਮਵਾਦ ਵਿੱਚ ਰਲ ਗੱਡ ਕਰਨ ਲਈ ਸਿੱਖ ਕੌਮ ਤੇ ਸਾਮ,ਦਾਮ,ਭੇਦ ਤੇ ਦੰਡ ਦੇ ਹਰ ਤਰੀਕੇ ਦਾ ਇਸਤੇਮਾਲ ਕਰਕੇ ਮੁਗਲਾਂ ਦੇ ਜ਼ੁਲਮਾਂ ਨੂੰ ਮਾਤ ਪਾ ਦਿੱਤੇ ਗੁਰੂ ਤੇ ਗੁਰਇਤਿਹਾਸ ਨਾਲ ਪਿਆਰ ਕਰਨ ਵਾਲੇ ਗੁਰਸਿੱਖਾਂ ਨੇ ਬ੍ਰਹਮਵਾਦੀ ਸੋਚ ਦੀ ਧਾਰਨੀ ਜਾਲਮ ਦਿੱਲੀ ਹਕੂਮਤ ਦੀ ਜੜ੍ਹ ਪੁਟੱਣ ਲਈ ਤੇ ਸਿੱਖ ਰਾਜ ਦੀ ਪ੍ਰਾਪਤੀ ਵਾਸਤੇ ਸੰਘਰਸ਼ ਵਿੱਡਿਆ ਸੰਘਰਸ਼ ਸਿਖਰ ਤੇ ਪਹੁੰਚਿਆ ਮੁੜ ਨਿਮਾਣ ਵੱਲ ਆਗਿਆ ਇਹ ਹਲਾਤ ਸਿੱਖ ਕੌਮ ਦੇ ਇੱਕ ਵੱਡੇ ਹਿੱਸੇ ਵਿੱਚ ਲਾਲਚ, ਨਿੱਜ ਸਵਾਰਥ, ਚੌਧਰ ਦੀ ਭੁੱਖ ਤੇ ਹਾਉਮੈ ਵਰਗੀਆਂ ਕੰਮਜ਼ੋਰੀਆਂ ਦਾ ਸ਼ਿਕਾਰ ਹੋਣ ਕਰਕੇ ਹੀ ਹੋਇਆਂ । ਅੱਜ ਲੋੜ ਹੈ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਤੋਂ ਪ੍ਰੇਣਾ ਲੈਣ ਦੀ, ਤੇ ਪ੍ਰਣ ਕਰਨ ਦੀ ਕਿ ਜਿਵੇਂ ਨਿੱਕੀਆਂ ਜਿੰਦਾਂ ਸਾਨੂੰ ਇਹ ਸਬਕ ਦਿੰਦੀਆਂ ਕਿ ਦੁਨਿਅਵੀ ਪਦਾਰਥਾਂ, ਔਹੁਦਿਆਂ ਦਾ ਲਾਲਚ ਤੇ ਮੌਤ ਦੇ ਡਰਾਵੇ ਧਰਮ ਤੋਂ ਡੁਲ੍ਹਾਂ ਨਾ ਸਕੇ ਉਹਨਾਂ ਨੇ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਕੇ ਸਿੱਖ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਸੀ ।ਤੇ ਸਾਡੇ ਤੋਂ ਮੰਗ ਕਰਦੀਆਂ ਕਿ ਅੱਜ ਜੋ ਅਸੀਂ ਇਹਨਾਂ ਕੰਮਜ਼ੋਰੀਆਂ ਦੇ ਸ਼ਿਕਾਰ ਹੋ ਚੁੱਕੇ ਹਾਂ । ਸਾਡੇ ਦਿਲ ਅੰਦਰ ਇਹਨਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੇ ਮਹਾਨ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂ ਹੈ ਤਾਂ ਫਿਰ ਪ੍ਰਣ ਕਰੀਏ ਕਿ ਦੁਨਿਆਵੀ ਪਦਾਰਥਾਂ ,ਚੌਧਰ,ਨਿੱਜ ਸਵਾਰਥ ਤੇ ਕੁਰਸੀ ਦੇ ਲਾਲਚ ਲਈ ਅਪਣੀ ਜ਼ਮੀਰ ਦਾ ਸੌਦਾ ਨਹੀ ਕਰਾਗੇ ਤੇ ਸਿੱਖ ਕੌਮ ਨੂੰ ਮਾਨਸਿਕ ਤੇ ਸਰੀਰਕ ਤੌਰਤੇ ਗੁਲਾਮ ਬਣਾਉਣ ਵਾਲੇ ਬ੍ਰਹਮਵਾਦ ਤੋਂ ਅਜ਼ਾਦ ਕਰਵਾਉਣ ਲਈ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ । ਸਿੱਖ ਕੌਮ ਉਪੱਰ ਛਾਏ ਨਿਰਾਸ਼ਾ ਦੇ ਆਲਮਾਂ ਦਾ ਸਦੀਵੀ ਹੱਲ ਵੀ ਸਰਬੱਤ ਦੇ ਭਲੇ ਵਾਲਾ ਅਜ਼ਾਦ ਘਰ ਖਾਲਿਸਤਾਨ ਹੈ ਇਸ ਦੀ ਪ੍ਰਾਪਤੀ ਹੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਸੱਚੀ ਸ਼ਰਧਾਜ਼ਲੀ ਹੋਵੇਗੀ ਤੇ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ।(ਗੁਰਚਰਨ ਸਿੰਘ ਗੁਰਾਇਆ )