ਬਰਨਾਲਾ, 28 ਮਾਰਚ (ਬਘੇਲ ਸਿੰਘ ਧਾਲੀਵਾਲ)-ਬਰਨਾਲਾ-ਮਾਨਸਾ ਮੁੱਖ ਸੜਕ ’ਤੇ ਸਥਿਤ ਟ੍ਰਾਈਡੈਂਟ ਫੈਕਟਰੀ ਧੌਲਾ ਨੇੜੇ ਪੁਲਿਸ ਦੇ ਨਾਕੇ ਦੌਰਾਨ ਸ਼ੁਕਰਵਾਰ ਸਵੇਰੇ ਬਦਮਾਸ਼ਾਂ ਵੱਲੋਂ ਪੁਲਿਸ ’ਤੇ ਫਾਈਰਿੰਗ ਕਰ ਦਿੱਤੀ, ਪੁਲਿਸ ਪਾਰਟੀ ਨੇ ਵੀ ਫਾਈਰਿੰਗ ਦਾ ਜੁਆਬ ਫਾਈਰਿੰਗ ਨਾਲ ਹੀ ਦਿੱਤਾ ਅਤੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ, ਜਿਸ ’ਚੋਂ ਇਕ ਨੌਜਵਾਨ ਜਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸਐਸਪੀ ਮੁਹੰਮਦ ਸਰਫਰਾਜ ਆਲਮ,ਐਸਪੀਡੀ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਹੋਰ ਅਧਿਕਾਰੀ ਵੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਟ੍ਰਾਈਡੈਂਟ ਫੈਕਟਰੀ ਧੌਲਾ ਤੋਂ ਥੋੜ੍ਹਾ ਅੱਗੇ ਪੁਲ ਸੂਆ ਤੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖਣ ਲਈ ਨਾਕਾ ਲਾਇਆ ਹੋਇਆ ਸੀ। ਸ਼ੁਕਰਵਾਰ ਸਵੇਰੇ ਕਰੀਬ ਸਵਾ 6 ਵਜੇ ਪੁਲਿਸ ਪਾਰਟੀ ਨੇ ਮਾਨਸਾ ਦੀ ਤਰਫ ਤੋਂ ਆ ਰਹੀ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਕਾਰ ਸਵਾਰ ਦੋ ਬਦਮਾਸ਼ਾਂ ਨੇ ਪੁਲਿਸ ਪਾਰਟੀ ਤੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਫਾਈਰਿੰਗ ਕਰ ਦਿੱਤੀ। ਪੁਲਿਸ ਪਾਰਟੀ ਨੇ ਵੀ ਪੁਜੀਸ਼ਨ ਲੈਂਦਿਆਂ ਫਾਈਰਿੰਗ ਦਾ ਜੁਆਬ ਦਿੱਤਾ। ਜਦੋਂ ਬਦਮਾਸ਼ਾਂ ਨੇ ਕਾਰ ਵਿੱਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਦੋਸ਼ੀਆਂ ਦਾ ਪਿੱਛਾ ਕਰਕੇ, ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੇ ਕਬਜੇ ਵਿੱਚੋਂ ਯੂ.ਕੇ. ਦਾ ਬਣਿਆ ਗਲੌਕ ਪਿਸਟਲ ਅਤੇ ਇੱਕ ਹੋਰ 32 ਬੋਰ ਦਾ ਦੇਸੀ ਪਿਸਤੌਲ ਬਰਾਮਦ,ਕਾਰਤੂਸ ਅਤੇ ਕਾਰ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਦਾ ਭਰਿਆ ਇੱਕ ਬੈਗ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਪਾਰਟੀ ’ਤੇ ਫਾਈਰਿੰਗ ਕਰਨ ਵਾਲੇ ਦੋਵੇਂ ਬਦਮਾਸ਼ ਬਰਨਾਲਾ ਦੇ ਹੀ ਰਹਿਣ ਵਾਲੇ ਹਨ, ਉਨ੍ਹਾਂ ਦੀ ਪਹਿਚਾਣ ਵੀਰਭੱਦਰ ਕਾਲੂ ਅਤੇ ਕੇਵਲ ਸਿੰਘ ਵਜੋਂ ਹੋਈ ਹੈ। ਪੁਲਿਸ ਮੁਕਾਬਲੇ ਵਿੱਚ ਵੀਰਭੱਦਰ ਕਾਲੂ ਦੇ ਪੈਰ ਵਿੱਚ ਗੋਲੀ ਲੱਗੀ,ਜਿਸਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ,ਜਦੋਂਕਿ ਦੂਜੇ ਨੂੰ ਗ੍ਰਿਫਤਾਰ ਕਰਕੇ,ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਐਸਪੀ ਬਰਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੀਰਭੱਦਰ ਉਰਫ ਕਾਲੂ ਦੇ ਖਿਲਾਫ਼ ਐਨਡੀਪੀਐਸ ਅਤੇ ਇਰਾਦਾ ਕਤਲ ਆਦਿ ਦੇ ਜੁਰਮਾਂ ਤਹਿਤ ਕਰੀਬ 11 ਪਰਚੇ ਪਹਿਲਾਂ ਵੀ ਦਰਜ਼ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਪੁੱਛਗਿੱਛ ਤੋਂ ਬਾਅਦ ਪਤਾ ਲਾਇਆ ਜਾਵੇਗਾ ਕਿ ਉਹ ਇਲਾਕੇ ਵਿੱਚ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਜਾਂ ਫਿਰ ਕਿਸੇ ਹੋਰ ਥਾਂ ਤੇ ਕਿਹੜੀ ਵਾਰਦਾਤ ਨੂੰ ਅੰਜਾਮ ਦੇ ਕੇ ਆਏ ਸਨ।