ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’
ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ
ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ
ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫਿਲਮ ‘ਐਨੀ ਹਾਓ ਮਿੱਟੀ ਪਾਓ’ 6 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ
ਫਿਲਮ ਦੀ ਕਹਾਣੀ ਬਿਲਕੁੱਲ ਵੱਖਰੀ ਇੱਕ ਰੁਮਾਂਟਿਕ ਡਰਾਮਾ ਤੇ ਕਾਮੇਡੀ ਭਰਪੂਰ ਹੋਵੇਗੀ, ਜਿਸ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਦੇਖਣ
ਨੂੰ ਮਿਲਣਗੇ।ਸੁਪਰ ਹਿੱਟ ਫਿਲਮ 'ਚੱਲ ਮੇਰਾ ਪੁੱਤ' ਨਿਰਦੇਸ਼ਿਤ ਕਰਨ ਵਾਲੇ ਨੌਜਵਾਨ ਨਿਰਦੇਸ਼ਕ ਜਨਜੋਤ ਸਿੰਘ ਵਲੋਂ ਇਸ ਫਿਲਮ ਨੂੰ
ਨਿਰਦੇਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਪੰਜਾਬੀਆਂ ਦਾ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਅਤੇ ਖੂਬਸੂਰਤ ਅਦਾਕਾਰਾ ਅਮਾਇਰਾ
ਦਸਤੂਰ ਮੁੱਖ ਭੂਮਿਕਾ ‘ਚ, ਜਦ ਕਿ ਅਦਾਕਾਰ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਬੀ ਐਨ ਸ਼ਰਮਾ, ਅਕਰਮ
ਉਦਾਸ, ਦੀਦਾਰ ਗਿੱਲ, ਪ੍ਰਕਾਸ਼ ਗਾਧੂ, ਵਿੱਕੀ ਕੱਡੂ ਅਤੇ ਮੇਘਾ ਸ਼ਰਮਾ ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ
ਆਉਣਗੇ। ਦੱਸਣਯੋਗ ਹੈ ਕਿ ਰੰਗਮੰਚ ਤੋਂ ਫਿਲਮਾਂ ਵੱਲ ਆਏ ਹਰੀਸ਼ ਵਰਮਾ ਇਸ ਫ਼ਿਲਮ ਵਿੱਚ ਥੀਏਟਰ ਅਦਾਕਾਰ ਦੇ ਕਿਰਦਾਰ ‘ਚ
ਨਜ਼ਰ ਆਉਣਗੇ ਅਤੇ ਕਰਮਜੀਤ ਅਨਮੋਲ ਇਸ ਫਿਲਮ ਵਿੱਚ ਇਕ ਨਹੀਂ, ਬਲਕਿ ਛੇ ਵੱਖ ਵੱਖ ਕਿਰਦਾਰਾਂ ‘ਚ ਦਰਸ਼ਕਾਂ ਦਾ
ਮਨੋਰੰਜਨ ਕਰਨਗੇ। ਫ਼ਿਲਮ ਦੀ ਕਹਾਣੀ ਨਾਮੀ ਲੇਖਕ ਜੱਸ ਗਰੇਵਾਲ ਦੀ ਲਿਖੀ ਜਿਸ ਵਿੱਚ ਪੰਜਾਬੀ ਰੰਗਮੰਚ ਅਤੇ ਰੰਗਮੰਚ ਦੇ
ਕਲਾਕਾਰਾਂ ਦੀ ਜ਼ਿੰਦਗੀ ਅਤੇ ਦੁਸ਼ਵਾਰੀਆਂ ਨੂੰ ਵੱਡੇ ਪਰਦੇ ‘ਤੇ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਲੰਡਨ ਗਏ ਦੋ ਪੰਜਾਬੀ
ਦੋਸਤਾਂ ਹੈਰੀ ਅਤੇ ਜੀਤੇ ਦੁਆਲੇ ਘੁੰਮਦੀ ਹੈ, ਜੋ ਥੀਏਟਰ ਕਲਾਕਾਰ ਹਨ ਅਤੇ ਕਾਫੀ ਸਾਲਾਂ ਤੋਂ ਥੀਏਟਰ ਕਰ ਰਹੇ ਹਨ ਅਤੇ ਆਪਣਾ
ਥੀਏਟਰ ਗਰੁੱਪ ਚਲਾਉਂਦੇ ਹਨ। ਪਰ ਉੱਥੋਂ ਉਨਾਂ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਕਿਸ ਤਰ੍ਹਾਂ ਦੇ ਲੋਕਾਂ ਨਾਲ
ਉਹਨਾਂ ਦਾ ਵਾਹ ਪੈਂਦਾ ਹੈ ਇਹ ਫ਼ਿਲਮ ਦਾ ਦਿਲਚਸਪ ਪੱਖ ਹੈ।ਇਸ ਫ਼ਿਲਮ ਵਿੱਚ ਰੰਗਮੰਚ ਪ੍ਰਤੀ ਆਮ ਲੋਕਾਂ ਦੀ ਸੋਚ ਉਜਾਗਰ
ਕੀਤੀ ਹੈ। ਨਿਰਮਾਤਾ ਉਪਕਾਰ ਸਿੰਘ, ਜਰਨੈਲ ਸਿੰਘ ਤੇ ਸਹਿ ਨਿਰਮਾਤਾ ਹਰਮੀਤ ਸਿੰਘ ਵਲੋਂ ਪ੍ਰੋਡਿਊਸ ਇਸ ਫਿਲਮ ਦੀ ਕਹਾਣੀ
ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਵਾਲੀ ਹੋਵੇਗੀ। ਫ਼ਿਲਮ ਦੇ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਸੰਗੀਤ ਬਹੁਤ ਹੀ ਦਿਲ ਟੁੰਬਵਾਂ ਹੈ ਜੋ
ਕਿ ਸੰਗੀਤਕਾਰ ਜੈ ਦੇਵ ਕੁਮਾਰ, ਭਾਈ ਮੰਨਾ ਸਿੰਘ,ਗੁਰਮੀਤ ਸਿੰਘ, ਗੁਰਮੋਹ ਅਤੇ ਜੇ ਬੀ ਸਿੰਘ ਨੇ ਤਿਆਰ ਕੀਤਾ ਹੈ। ਫ਼ਿਲਮ ਦੇ ਗੀਤ
ਗੀਤਕਾਰ ਹਰਮਨਜੀਤ, ਜੱਸ ਗਰੇਵਾਲ, ਸੱਤਾ ਵੈਰੋਵਾਲੀਆ, ਖੁਸ਼ੀ ਪੰਧੇਰ ਅਤੇ ਕਪਤਾਨ ਨੇ ਲਿਖੇ ਹਨ। ਜਿੰਨਾਂ ਨੂੰ ਗਾਇਕ ਐਮੀ
ਵਿਰਕ, ਮਾਸਟਰ ਸਲੀਮ, ਗੁਰਸ਼ਬਦ, ਜੋਤਿਕਾ ਤਾਗੜੀ, ਸਿਮਰਨ ਭਾਰਦਵਾਜ ਅਤੇ ਅਨੁਸ਼ਿਕਾ ਬਜਾਜ ਨੇ ਗਾਇਆ ਹੈ। ਫ਼ਿਲਮ ਪ੍ਰਤੀ
ਦਰਸ਼ਕਾਂ ਦੀ ਬੇਸਬਰੀ ਸੋਸ਼ਲ ਮੀਡੀਆ 'ਤੇ ਦੇਖੀ ਜਾ ਸਕਦੀ ਹੈ ਅਤੇ ਉਮੀਦ ਹੈ ਕਿ ਇਹ ਫਿਲਮ ਵੀ ਹਰੀਸ਼ ਵਰਮਾ ਦੀਆਂ
ਪਹਿਲੀਆਂ ਫਿਲਮਾਂ ਵਾਂਗ ਹੀ ਨਵੇਂ ਰਿਕਾਰਡ ਸਥਾਪਤ ਕਰੇਗੀ।
ਜਿੰਦ ਜਵੰਦਾ 97795 91482