ਪੰਥਕ ਰਾਜਨੀਤੀ ਦਾ ਨਵਾਂ ਅਧਿਆਇ
> 18ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਵਿੱਚ ਹਲਕਾ ਫਰੀਦਕੋਟ ਤੋ ਸਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਹਲਕਾ ਖਡੂਰ ਸਾਹਿਬ ਤੋ ਮਰਹੂਮ ਦੀਪ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਦੇ” ਦੇ ਮੁੱਖ ਸੇਵਾਦਾਰ ਭਾਈ ਅਮ੍ਰਿਤਪਾਲ ਸਿੰਘ ਦੀ ਹੋਈ ਵੱਡੀ ਜਿੱਤ ਨੇ ਬਹੁਤ ਸਾਰੀਆਂ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਦੋ ਹਲਕਿਆਂ ਦੀ ਇਸ ਜਿੱਤ ਨੂੰ ਪੰਥਕ ਰਾਜਨੀਤੀ ਵਿੱਚ ਵੱਡੀ ਹਲਚੱਲ ਪੈਦਾ ਕਰਨ ਦੀਆਂ ਸੰਭਾਵਨਾਵਾਂ ਵਜੋਂ ਦੇਖਿਆ ਜਾਣ ਲੱਗਾ ਹੈ। ਚੋਣਾਂ ਤੋ ਪਹਿਲਾਂ ਜਾਂ ਚੋਣਾਂ ਦੌਰਾਨ ਤਿੰਨ ਸੀਟਾਂ ਪੰਥਕ ਉਮੀਦਵਾਰਾਂ ਦੀ ਝੋਲ਼ੀ ਵਿੱਚ ਪੈਣ ਦੀ ਸੰਭਾਵਨਾ ਬਣੀ ਹੋਈ ਸੀ,ਪ੍ਰੰਤੂ ਸੰਗਰੂਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਚੋਣ ਹਾਰ ਜਾਣ ਕਰਕੇ ਇਹ ਜਿੱਤ ਦੋ ਹਲਕਿਆਂ ਤੋ ਹੀ ਪੰਥ ਦੀ ਝੋਲ਼ੀ ਪੈ ਸਕੀ ਹੈ। ਬਠਿੰਡਾ ਲੋਕ ਸਭਾ ਹਲਕੇ ਤੋ ਭਾਵੇਂ ਸਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਚੋਣ ਜਿੱਤਣ ਵਿੱਚ ਸਫਲ ਹੋ ਗਏ ਹਨ,ਪਰ ਉਹਨਾਂ ਦੀ ਜਿੱਤ ਨੂੰ ਪੰਥਕ ਹਲਕਿਆਂ ਵਿੱਚ ਮਾਨਤਾ ਨਹੀ ਹੈ।ਸਿੱਖ ਪੰਥ,ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਕੌਂਮ ਦੀ ਦੁਰਗਤੀ ਲਈ ਬਾਦਲ ਪਰਿਵਾਰ ਨੂੰ ਸਭ ਤੋ ਵੱਡਾ ਦੋਸ਼ੀ ਮੰਨਦਾ ਹੈ,ਇਸ ਲਈ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਪੰਥਕ ਰਾਜਨੀਤੀ ਤੇ ਕੋਈ ਪ੍ਰਭਾਵ ਛੱਡਣ ਦੇ ਯੋਗ ਨਹੀ ਸਮਝੀ ਜਾ ਰਹੀ। ।ਭਾਂਵੇਂ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਹਾਰ ਦਾ ਕਾਰਨ ਸੁਖਪਾਲ ਸਿੰਘ ਖਹਿਰਾ ਨੂੰ ਸਮਝਿਆ ਜਾ ਰਿਹਾ ਹੈ,ਪਰ ਅਸਲ ਸਚਾਈ ਇਹ ਹੈ ਕਿ ਭਾਰਤੀ ਤਾਕਤਾਂ ਦੋਵਾਂ ਹੀ ਆਗੂਆਂ ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਸਿੰਘ ਖਹਿਰੇ ਨੂੰ ਜਿੱਤਦਾ ਨਹੀ ਸਨ ਦੇਖਣਾ ਚਾਹੁੰਦੀਆਂ,ਇਸ ਲਈ ਕਾਂਗਰਸ ਦੀ ਹਾਈ ਕਮਾਂਡ ਦੁਆਰਾ ਸੁਖਪਾਲ ਸਿੰਘ ਖਹਿਰੇ ਨੂੰ ਸੰਗਰੂਰ ਲੋਕ ਸਭਾ ਹਲਕੇ ਤੋ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ,ਤਾਂ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਸਕਣ,ਜਿਸ ਵਿੱਚ ਉਹ ਤਾਕਤਾਂ ਸਫਲ ਰਹੀਆਂ ਹਨ।ਸ੍ਰ ਮਾਨ ਦੀ ਹਾਰ ਲਈ ਉਹਨਾਂ ਦੇ ਸਮੱਰਥਕਾਂ ਵੱਲੋਂ ਸਿਰਫ ਤੇ ਸਿਰਫ ਸੁਖਪਾਲ ਸਿੰਘ ਖਹਿਰੇ ਨੂੰ ਤਾਹਨੇ ਦੇਣੇ ਬਾਜਵ ਨਹੀ ਹਨ,ਕਿਉਂਕਿ ਉਹਦੇ ਲਈ ਸਿਮਰਨਜੀਤ ਸਿੰਘ ਮਾਨ ਵੀ ਬਰਾਬਰ ਦੇ ਦੋਸ਼ੀ ਹਨ,ਜਿੰਨਾਂ ਵੱਲੋਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਮਰਹੂਮ ਸੰਦੀਪ ਸਿੰਘ ਦੀਪ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਸਬੰਧ ਵਿੱਚ ਦਿੱਤੇ ਹੋਏ ਬਿਆਨ ਨੇ ਜਿੱਥੇ ਸਿੱਖ ਜੁਆਨੀ ਦੀ ਵੱਡੀ ਪੱਧਰ ਤੇ ਨਰਾਜਗੀ ਮੁੱਲ ਲੈ ਲਈ, ਓਥੇ ਉਹਨਾਂ ਦੀ ਪਾਰਟੀ ਵੱਲੋਂ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਖੜੇ ਕੀਤੇ ਉਮੀਦਵਾਰ ਨੂੰ ਵਾਪਸ ਲੈਣ ਤੋ ਕੋਰੀ ਨਾਹ ਕਰਨੀ ਵੀ ਕਿਤੇ ਨਾ ਕਿਤੇ ਸ੍ਰ ਮਾਨ ਲਈ ਨੁਕਸਾਨ ਦੇਹ ਸਾਬਤ ਹੋਈ ਹੈ।ਜਿੱਥੋਂ ਤੱਕ ਸੁਖਪਾਲ ਸਿੰਘ ਖਹਿਰੇ ਦਾ ਸਵਾਲ ਹੈ, ਸੋ ਖਹਿਰੇ ਨੇ ਵੀ ਸੰਗਰੂਰ ਤੋ ਚੋਣ ਲੜਨਾ ਸਵੀਕਾਰ ਕਰਕੇ ਕਾਂਗਰਸ ਅੰਦਰ ਆਪਣੇ ਪੈਰ ਜਮਾਉਣ ਦੀ ਰਾਜਨੀਤੀ ਖੇਡੀ ਹੈ,ਪਰੰਤੂ ਉਹ ਕੇਂਦਰੀ ਤਾਕਤਾਂ ਦੀ ਗਹਿਰੀ ਚਾਲ ਨੂੰ ਸਮਝਣ ਵਿੱਚ ਅਸਫਲ ਰਹੇ। ਜਿਸਤਰਾਂ ਦਾ ਖਹਿਰੇ ਦਾ ਸੁਭਾਅ ਹੈ,ਉਹ ਪੰਜਾਬ ਕਾਂਗਰਸ ਦੇ ਵੀ ਅਤੇ ਕੇਂਦਰੀ ਕਾਂਗਰਸ ਦੇ ਵੀ ਫਿੱਟ ਨਹੀ ਆ ਸਕੇਗਾ।ਚੋਣਾਂ ਦੌਰਾਨ ਪੰਜਾਬ ਅੰਦਰ ਗੈਰ ਪੰਜਾਬੀਆਂ ਲਈ ਜਮੀਨ ਖਰੀਦ ਸਕਣ ਤੇ ਰੋਕ ਲਾਉਣ ਵਾਲੇ ਬਿਆਨ ‘ਤੇ ਜਿਸਤਰਾਂ ਦਾ ਪ੍ਰਤੀਕਰਮ ਪੰਜਾਬ ਕਾਂਗਰਸ ਦੇ ਆਗੂਆਂ ਦਾ ਰਿਹਾ,ਉਹਦੇ ਤੋ ਅੰਦਾਜਾ ਲਾਉਣਾ ਕੋਈ ਔਖਾ ਨਹੀ ਕਿ ਕਾਂਗਰਸ ਅੰਦਰ ਪੰਜਾਬ ਦੇ ਹਿਤਾਂ ਲਈ ਕੋਈ ਗੁੰਜਾਇਸ਼ ਨਹੀ ਹੈ। ,ਫਿਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਵਿੱਚ ਰਹਿਕੇ ਆਪਣੀ ਮਰਜੀ ਜਾਂ ਪੰਥਕ ਹਿਤਾਂ ਦੀ ਗੱਲ ਕਿਵੇਂ ਕਰ ਸਕਦਾ ਹੈ।ਭਾਵੇਂ ਸ੍ਰ ਮਾਨ ਅਤੇ ਖਹਿਰੇ ਵਾਲਾ ਵੱਖਰਾ ਵਿਸ਼ਾ ਹੈ,ਪਰ ਫਿਰ ਵੀ ਜੁੜਿਆ ਤਾਂ ਪੰਥਕ ਰਾਜਨੀਤੀ ਨਾਲ ਹੀ ਹੋਇਆ ਹੈ।ਸੌ ਦੇਖਣਾ ਤੇ ਵਿਚਾਰਨਯੋਗ ਤਾਂ ਇਹ ਵੀ ਹੈ ਕਿ ਆਉਣ ਵਾਲੇ ਪੰਥਕ ਰੁਝਾਨ ਵਿੱਚ ਕਿਹੜੇ ਕਿਹੜੇ ਰਵਾਇਤੀ ਰਾਜਨੀਤਕ ਆਗੂ ਫਿੱਟ ਆ ਸਕਦੇ ਹਨ। ਸਿਮਰਨਜੀਤ ਸਿੰਘ ਮਾਨ ਦੀ ਹਾਰ ਤੋ ਬਾਅਦ ਪੰਥਕ ਰਾਜਨੀਤੀ ਦੇ ਸਮੀਕਰਨ ਹੋਰ ਸ਼ਿੱਦਤ ਨਾਲ ਬਦਲਦੇ ਮਹਿਸੂਸ ਕੀਤੇ ਜਾ ਰਹੇ ਹਨ । ਇਹ ਸੁਭਾਵਿਕ ਹੈ ਕਿ ਸ੍ਰ ਮਾਨ ਦੇ ਚੋਣ ਹਾਰਨ ਤੋ ਬਾਅਦ ਪੰਥਕ ਰਾਜਨੀਤੀ ਜਿਹੜੀ ਲੰਮੇ ਸਮੇ ਤੋ ਕਿਸੇ ਨੌਜਵਾਨ ਆਗੂ ਦੀ ਤਲਾਸ ਵਿੱਚ ਭਟਕ ਰਹੀ ਸੀ,ਉਹਦੇ ਲਈ ਭਾਈ ਅਮ੍ਰਿਤਪਾਲ ਸਿੰਘ ਰਾਹ ਦਿਸੇਰਾ ਬਣੇਗਾ। ਨਵੇਂ ਪੰਥਕ ਮੁਹਾਜ ਲਈ ਹੋਣ ਵਾਲੀ ਤੋੜਭੰਨ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੁਧਾਰਨਾ ਵੀ ਤਰਜੀਹੀ ਕਾਰਜ ਹੋ ਸਕਦੇ ਹਨ,ਕਿਉਂਕਿ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮ੍ਰਿਤਪਾਲ ਸਿੰਘ ਦੀ ਜਿੱਤ ਦੇ ਨਾਲ ਹੀ ਦੋਵਾਂ ਹੀ ਸੰਸਥਾਵਾਂ ਦੀ ਚਰਚਾ ਮੁੜ ਤੋ ਸੁਨਣ ਨੂੰ ਮਿਲ ਰਹੀ ਹੈ। ਇਸ ਤੋ ਪਹਿਲਾਂ ਵੱਖ ਵੱਖ ਪੰਥਕ ਧਿਰਾਂ ਆਪੋ ਆਪਣੀ ਡਫਲੀ ਬਜਾ ਕੇ ਆਪੋ ਆਪਣਾ ਰਾਗ ਅਲਾਪਣ ਵਿੱਚ ਲੱਗੀਆਂ ਹੋਈਆਂ ਸਨ,ਪ੍ਰੰਤੂ ਉਹ ਇੱਕ ਪਲੇਟਫਾਰਮ ਤੇ ਇਸ ਲਈ ਆਉਣ ਤੋ ਗੁਰੇਜ ਕਰਦੀਆਂ ਰਹੀਆਂ ਸਨ,ਕਿ ਅਕਾਲੀ ਦਲ ਬਾਦਲ ਤੋ ਬਾਅਦ ਅਕਾਲੀ ਦਲ (ਅ) ਹੀ ਅਜਿਹੀ ਪੰਥਕ ਪਾਰਟੀ ਸਮਝੀ ਜਾਂਦੀ ਸੀ,ਜਿਹੜੀ ਬਾਕੀ ਛੋਟੇ ਛੋਟੇ ਧੜਿਆਂ ਤੋ ਮਜਬੂਤ ਅਤੇ ਆਪਣਾ ਲੋਕ ਅਧਾਰ ਵੀ ਰੱਖਦੀ ਹੈ, ਪਰ ਇੱਥੇ ਸਮੱਸਿਆ ਇਹ ਰਹੀ ਹੈ ਕਿ ਕੋਈ ਵੀ ਪੰਥਕ ਧਿਰ ਸ੍ਰ ਮਾਨ ਨੂੰ ਆਗੂ ਮੰਨਣ ਨੂੰ ਤਿਆਰ ਨਹੀ ਹੋ ਸਕੀ।ਲੰਘੀਆਂ ਚੋਣਾਂ ਵਿੱਚ ਦੇਖਿਆ ਗਿਆ ਹੈ ਕਿ ਸ੍ਰ ਮਾਨ ਨਾਲ ਵਿਰੋਧ ਰੱਖਣ ਵਾਲੇ ਬਹੁਤ ਸਾਰੇ ਧੜੇ ਅਤੇ ਸਿੱਖ ਆਗੂ ਭਾਈ ਅਮ੍ਰਿਤਪਾਲ ਸਿੰਘ ਦੀ ਚੋਣ ਵਿੱਚ ਸਰਗਰਮੀ ਨਾਲ ਜੁਟੇ ਰਹੇ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਲੰਮੇ ਸਮੇ ਤੋ ਆਪਸੀ ਪਾਟੋ ਧਾੜ ਕਾਰਨ ਹਾਸੀਏ ਤੇ ਚੱਲ ਰਹੀਆਂ ਧਿਰਾਂ ਨੂੰ ਕੋਈ ਯੋਗ ਆਗੂ ਨਹੀ ਸੀ ਮਿਲ ਸਕਿਆ, ਜਿਹੜਾ ਕੌਂਮ ਦੀ ਅਗਵਾਈ ਕਰਨ ਦੇ ਸਮਰੱਥ ਹੋਵੇ। ਪੰਜਾਬੀ ਦੀ ਕਹਾਵਤ ਹੈ ਕਿ “ਮੱਛੀ ਪੱਥਰ ਚੱਟਕੇ ਵਾਪਸ ਮੁੜਦੀ ਹੈ”, ਸੋ ਲੰਮੇ ਸਮੇ ਤੋ ਬਾਦਲ ਕਿਆਂ ਦੇ ਦੁਰਕਾਰੇ ਸਿੱਖ ਆਗੂ ਅਤੇ ਪੰਥਕ ਧੜਿਆਂ ਨੂੰ ਵੀ ਸਾਇਦ ਇਹ ਸੋਝੀ ਆ ਗਈ ਹੋਵੇਗੀ ਕਿ ਪੰਥਕ ਏਕੇ ਤੋ ਬਗੈਰ ਕੁੱਝ ਵੀ ਸੰਭਵ ਨਹੀ ਹੈ, ਪੰਥਕ ਏਕਾ ਕਿਸੇ ਇੱਕ ਆਗੂ ਦੀ ਅਗਵਾਈ ਕਬੂਲਣ ਤੋ ਬਿਨਾ ਸੰਭਵ ਵੀ ਨਹੀ ਹੈ। ਭਾਈ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਤੋ ਬਾਅਦ ਪੰਥਕ ਵਿਹੜੇ ਵਿੱਚ ਜਿੱਥੇ ਰੌਣਕਾਂ ਪਰਤੀਆਂ ਹਨ,ਓਥੇ ਰਾਜਨੀਤੀ ਵਿੱਚ ਨਵੀ ਲੀਡਰਸ਼ਿੱਪ ਨੂੰ ਲੈ ਕੇ ਵੀ ਚਰਚਾ ਚੱਲ ਪਈ ਹੈ।ਹੁਣ ਦੇਖਣਾ ਇਹ ਵੀ ਹੋਵੇਗਾ ਕਿ ਭਾਈ ਅਮ੍ਰਿਤਪਾਲ ਸਿੰਘ ਪੰਥ ਨੂੰ ਅਗਵਾਈ ਦੇਣ ਵਿੱਚ ਕਿੱਥੋਂ ਤੱਕ ਸਫਲ ਹੁੰਦੇ ਹਨ,ਕਿਉਂਕਿ ਪੰਥ ਦੀ ਅਗਵਾਈ ਕਰਨ ਲਈ ਹਾਉਮੈ ਦਾ ਤਿਆਗ, ਠਰੰਮੇ,ਧੀਰਜ ਅਤੇ ਦੂਰ ਅੰਦੇਸੀ ਦੀ ਜਰੂਰਤ ਹੁੰਦੀ ਹੈ,ਜਿਸ ਵਿੱਚ ਭਾਈ ਅਮ੍ਰਿਤਪਾਲ ਸਿੰਘ ਨੂੰ ਨਿਪੁੰਨਤਾ ਹਾਸਲ ਕਰਨ ਲਈ ਗੁਰਬਾਣੀ ਦੇ ਅੰਗ ਸੰਗ ਚੱਲਣਾ ਹੋਵੇਗਾ,ਕਿਉਂਕਿ ਮਨੁੱਖੀ ਸੁਭਾਉ ਅੰਦਰ ਗੁਰਮੁਖਾਂ ਵਾਲੇ ਸਦਗੁਣ ਪੈਦਾ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ ਇੱਕ ਜਰੀਆ ਹਨ। ਸੋ ਆਸ ਕੀਤੀ ਜਾਣੀ ਬਣਦੀ ਹੈ ਪੰਥਕ ਰਾਜਨੀਤੀ ਦਾ ਇਹ ਨਵਾਂ ਅਧਿਆਇ ਉਜਲੇ ਭਵਿੱਖ ਦੇ ਸੰਕਲਪ ਨਾਲ ਸੁਰੂ ਹੋਵੇਗਾ।
> ਬਘੇਲ ਸਿੰਘ ਧਾਲੀਵਾਲ