ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸਿੱਖ ਸੰਗਤਾ ਨੇ ਭਾਰੀ ਗਿਣਤੀ ਵਿਚ ਲਗਵਾਈ ਹਾਜਰੀ : ਗੁਰਦੁਆਰਾ ਪ੍ਰਬੰਧਕ ਕਮੇਟੀ/ਸਰੀ
ਸਿੱਖ ਸੰਗਤਾਂ ਨੂੰ ਵੱਡੀ ਪੱਧਰ ਤੇ ਮਹਿਸੂਸ ਹੋਈ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਘਾਟ
ਨਵੀਂ ਦਿੱਲੀ 9 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ "ਮੀਰੀ ਪੀਰੀ ਦਿਵਸ" ਮਨਾਇਆ ਗਿਆ ਅਤੇ ਇਸ ਮੌਕੇ ਨੂੰ ਮੀਰੀ ਪੀਰੀ ਨੂੰ ਸਮਰਪਿਤ ਨਗਰ ਕੀਰਤਨ ਚੜ੍ਹਦੀ ਕਲਾ ਅਤੇ ਉਤਸ਼ਾਹ ਨਾਲ ਸਜਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਅਰੰਭਤਾ ਸਮੇਂ ਭਾਈ ਲਖਵੰਤ ਸਿੰਘ ਵੱਲੋਂ ਅਰਦਾਸ ਕੀਤੀ ਗਈ। ਮੇਨ ਫਲੋਟ ਵਿੱਚ ਸ਼ੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਦੀ ਤਾਬਿਆ ਗੁਰੂ ਘਰ ਦੇ ਮੁੱਖ ਗ੍ਰੰਥੀ ਚੌਰ ਦੀ ਸੇਵਾ ਨਿਭਾ ਰਹੇ ਸਨ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜੱਥੇ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ । ਦੂਸਰੇ ਫਲੋਟ ਵਿੱਚ ਗੁਰੂ ਘਰ ਦੇ ਗੁਰੂ ਨਾਨਕ ਸਕੂਲ ਅਤੇ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਪੁਰਾਤਨ ਤਾਂਤੀ ਸਾਜਾਂ ਨਾਲ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਅਤੇ ਤੀਜੇ ਫਲੋਟ ਵਿੱਚ ਕੌਮ ਦੇ ਅਜ਼ਾਦ ਘਰ ਖਾਲਸਾ ਰਾਜ ਖਾਲਿਸਤਾਨ ਲਈ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਵਿਸ਼ੇਸ਼ ਖਿੱਚ ਦਾ ਕਾਰਨ ਸਨ ਅਤੇ ਸਿੱਖ ਸੰਗਤਾਂ ਵੱਲੋਂ "ਰਾਜ ਕਰੇਗਾ ਖਾਲਸਾ" ਦੇ ਅਕਾਸ਼ ਗੁੰਜਾਊ ਜੈਕਾਰਿਆਂ ਅਤੇ ਖ਼ਾਲਿਸਤਾਨ ਦੇ ਨਾਅਰਿਆਂ ਨਾਲ ਸਵੇਰੇ 9.30 ਵਜੇ ਚਾਲੇ ਪਾਏ ਗਏ। ਛੋਟੇ ਛੋਟੇ ਬੱਚਿਆਂ ਨੇ ਨੀਲੇ ਅਤੇ ਕੇਸਰੀ ਦੁਮਾਲੇ ਸਜਾ ਕੇ ਗੱਤਕੇ ਦੇ ਜੌਹਰ ਦਿਖਾਏ ਗਏ। ਵੱਖ ਵੱਖ ਦੇਸ਼ਾਂ ਤੋਂ ਖਾਲਿਸਤਾਨ ਰੈਫਰੈਂਡਮ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਖਾਲਿਸਤਾਨ ਦੇ ਝੰਡੇ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਫੋਟੋ ਵਾਲਿਆਂ ਜਰਸੀਆਂ ਸਿੱਖ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ। ਰਸਤੇ ਵਿੱਚ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਲੰਗਰਾਂ ਦੇ ਸਟਾਲ ਲਗਾਏ ਗਏ। ਵੱਖ-ਵੱਖ ਪੜਾਵਾਂ ਤੇ ਪੰਥ ਦਰਦੀ ਸੰਗਤਾਂ ਵਲੋਂ ਜਿੱਥੇ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ ਉਥੇ ਸਿੱਖ ਸੰਗਤਾਂ ਵੱਲੋਂ ਵੱਡੀਆਂ ਵੱਡੀਆਂ ਸਟੇਜਾਂ ਲਗਾ ਕੇ ਸਿੱਖ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਜਾ ਰਿਹਾ ਸੀ। ਗੁਰਦੁਆਰੇ ਸਾਹਿਬ ਦੀਆਂ ਪਾਰਕਾਂ ਵਿੱਚ ਜਿੱਥੇ ਵੱਖ-ਵੱਖ ਤਰਾਂ ਦੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਉੱਥੇ ਵੱਖ ਵੱਖ ਸਥਾਨਾਂ ਤੇ ਧਾਰਮਿਕ ਕਿਤਾਬਾਂ ਦੇ ਸਟਾਲ ਲਗਾਏ ਗਏ। ਉੱਥੇ ਸਿੱਖਸ ਫਾਰ ਜਸਟਿਸ ਦੀ ਸਮੁੱਚੀ ਟੀਮ ਵੱਲੋਂ 10 ਸਤੰਬਰ ਨੂੰ ਪੈਣ ਵਾਲੀਆਂ "ਖਾਲਿਸਤਾਨ ਰੈਫਰੈਂਡਮ" ਦੀਆਂ ਵੋਟਾਂ ਪਾਉਣ ਲਈ ਭਾਰੀ ਗਿਣਤੀ ਅਤੇ ਵੱਡੇ ਪੱਧਰ ਤੇ ਡਟ ਕੇ ਪ੍ਰਚਾਰ ਕੀਤਾ ਗਿਆ। ਸਿੱਖ ਸੰਗਤਾਂ ਨੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਾਉਣ ਲਈ ਪੂਰੇ ਉਤਸ਼ਾਹ ਨਾਲ ਵੋਟਾਂ ਪਾਉਣ ਲਈ ਵਚਨਵੱਧਤਾ ਪ੍ਰਗਟਾਈ। ਖਾਲਿਸਤਾਨ ਰੈਫਰੈਂਡਮ ਦਾ ਪ੍ਰਚਾਰ ਕਰਨ ਵਾਲੀ ਟੀਮ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਦੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਕਾਤਲ ਕੌਣ ਭਾਰਤੀ ਹਕੂਮਤ ਆਦਿ ਦੇ ਨਾਅਰੇ ਲਗਾ ਕੇ ਜਿੱਥੇ ਸਿੱਖ ਸੰਗਤਾਂ ਦਾ ਧਿਆਨ ਖਿੱਚ ਰਹੇ ਸਨ ਉਥੇ ਉਨ੍ਹਾਂ ਸੰਗਤਾਂ ਵਿੱਚ ਜੋਸ਼ ਵੀ ਦਿਖਾਈ ਦੇ ਰਿਹਾ ਸੀ।
ਗੁਰਦੁਆਰਾ ਸਾਹਿਬ ਦੇ ਮੁੱਖ ਦਵਾਰ ਸਾਹਮਣੇ ਕੈਲੀਫੋਰਨੀਆਂ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਡਾਕਟਰ ਗੁਰਤੇਜ ਸਿੰਘ ਵੱਲੋਂ “ ਸਿੱਖਾਂ ਦੀ ਨਸਲਕੁਸ਼ੀ ਦੀ ਕਹਾਣੀ “ ਨਾਮਕ ਫੋਟੋ ਪ੍ਰਦਰਸ਼ਨੀ ਤੇ ਵੀਡਉਗ੍ਰਾਫੀ ਸੰਗਤਾਂ ਦੇ ਦਿਲ ਨੂੰ ਧੂਅ ਪਾ ਰਹੀ ਸੀ ਨੌਜੁਆਨ ਬੱਚੇ ਬੱਚੀਆਂ ਭਰੇ ਮਨ ਨਾਲ ਆਪਣਾ ਲਹੂ ਭਿੱਜਾ ਇਤਿਹਾਸ ਦੇਖ ਤੇ ਸਰਵਣ ਕਰ ਰਹੇ ਸਨ।
ਨਗਰ ਕੀਰਤਨ ਦੀ ਸਮਾਪਤੀ ਉਪਰੰਤ ਇਸ ਵਾਰ ਗੁਰਦੁਆਰਾ ਸਾਹਿਬ ਦੇ ਮੇਨ ਦਰਬਾਰ ਹਾਲ ਵਿੱਚ ਦੀਵਾਨ ਸਜਾਏ ਗਏ। ਜਿਸ ਵਿਚ ਪੰਥ ਪ੍ਰਸਿੱਧ ਢਾਡੀ ਸਿੰਘ, ਰਾਗੀ ਸਿੰਘ ਅਤੇ ਕਵੀਸ਼ਰੀ ਸਿੰਘਾ ਅਤੇ ਵੱਖ-ਵੱਖ ਬੁਰਾਰਿਆਂ ਨੇ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੁ ਹਰਿ ਗੋਬਿੰਦ ਸਾਹਿਬ ਜੀ ਸੱਚੇ ਪਾਤਿਸ਼ਾਹ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰ ਕੇ ਨਿਹਾਲ ਕੀਤਾ ਉਪਰੰਤ ਸਟੇਜ ਸੈਕੇਟਰੀ ਭਾਈ ਭੁਪਿੰਦਰ ਸਿੰਘ ਹੋਠੀ ਵਲੋ ਸਟੇਜ ਤੋਂ ਗੁਰੂ ਖਾਲਸਾ ਪੰਥ ਦੀ ਭਲਾਈ ਅਤੇ ਚੜਦੀਕਲਾ ਵਾਸਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਨਗਰ ਕੀਰਤਨ ਵਿਚ ਆਪਣੇ ਵਿਚਾਰ ਦੱਸੇ ਗਏ।
ਅਖੀਰ ਵਿੱਚ ਇਨ੍ਹਾਂ ਸਮਾਗਮਾਂ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲੀਆਂ ਦੂਰ ਦੁਰਾਡੇ ਤੋਂ ਪਹੁੰਚੀਆਂ ਹੋਈਆਂ ਅਤੇ ਸੇਵਾ ਤੇ ਸਿੱਖੀ ਦਾ ਪ੍ਰਚਾਰ ਕਰ ਰਹੀਆਂ ਸਿੱਖ ਸੰਗਤਾ, ਸਿੱਖ ਸੰਸਥਾਵਾਂ ਅਤੇ ਲੋਕਲ ਸ਼ਹਿਰੀ ਇੰਤਜਾਮੀਆਂ ਜਿਵੇਂ ਕਿ ਸਿਟੀ ਆਫ ਸਰੀ, ਆਰ.ਸੀ.ਐਮ.ਪੀ, ਸਰੀ ਪੁਲੀਸ ਅਤੇ ਹੋਰ ਵੱਖ-ਵੱਖ ਸਾਰੇ ਹੀ ਵਲੰਟੀਅਰ ਸੇਵਾਦਾਰ ਵੀਰਾਂ ਅਤੇ ਸਾਰੀਆਂ ਸੰਸਥਾਵਾਂ ਦੇ ਪ੍ਰਬੰਧਕਾ ਦਾ ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਾਸਤੇ ਵੀ ਇਸ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਹਿਯੋਗ ਦੇਣ ਲਈ ਬੇਨਤੀ ਕੀਤੀ।