ਲੁਧਿਆਣਾ : ਧੀ ਤੇ ਪੁੱਤ ਨੂੰ ਬਰਾਬਰੀ ਦਾ ਦਰਜਾ ਦੇਣ ਵਾਲੇ ਸਮਾਜ ’ਚ ਅੱਜ ਵੀ ਅਜਿਹੇ ਮੰਦਬੁੱਧੀ ਲੋਕਾਂ ਦੀ ਕਮੀ ਨਹੀਂ, ਜੋ ਘਰ ’ਚ ਧੀ ਜੰਮਣ ਮਗਰੋਂ ਮਰਨ ਮਰਾਉਣ ਦੀਆਂ ਹੱਦਾਂ ਤੱਕ ਪਾਰ ਕਰ ਜਾਂਦੇ ਹਨ। ਅਜਿਹੀ ਇੱਕ ਸ਼ਰਮਸਾਰ ਕਰ ਦੇਣ ਵਾਲੀ ਵਾਰਦਾਤ ’ਚ ਇੱਕ ਔਰਤ ਨੂੰ ਮਹਿਜ਼ ਇਸ ਵਜ੍ਹਾ ਨਾਲ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਕਿ ਉਸ ਨੇ ਇਕ ਧੀ ਨੂੰ ਜਨਮ ਦਿੱਤਾ ਸੀ। ਘਰ ’ਚ ਪੁੱਤ ਜੰਮਣ ਦਾ ਸੁਪਨਾ ਪਾਲੀ ਬੈਠੇ ਪਤੀ ਨੇ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਕਤਲ ਕਰ ਦਿੱਤਾ।ਪਤੀ ਹੱਥੋਂ ਜਾਨ ਗਵਾਉਣ ਵਾਲੀ ਵਿਆਹੁਤਾ ਦੀ ਪਛਾਣ ਪ੍ਰਿਅੰਕਾ ਦੇ ਰੂਪ ’ਚ ਹੋਈ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕਾ ਦੇ ਪਤੀ ਅਮਿਤ ਨੂੰ ਮੌਕੇ ’ਤੇ ਹੀ ਕਾਬੂ ਕਰ ਕੇ ਪ੍ਰਿਅੰਕਾ ਦੀ ਲਾਸ਼ ਕਬਜ਼ੇ ’ਚ ਲਈ ਤੇ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾ ਦਿੱਤਾ ਹੈ। ਜਾਣਕਾਰੀ ਮੁਤਾਬਕ ਪ੍ਰਿਅੰਕਾ ਦਾ ਵਿਆਹ ਕਰੀਬ 3 ਸਾਲ ਪਹਿਲਾਂ ਅਮਿਤ ਕੁਮਾਰ ਨਾਲ ਹੋਇਆ ਸੀ। ਪ੍ਰਿਅੰਕਾ ਤੇ ਉਸ ਦਾ ਪਤੀ ਅਮਿਤ ਕੁਮਾਰ ਸਥਾਨਕ ਹੁੰਦਲ ਚੌਕ ’ਚ ਰਹਿ ਰਹੇ ਸਨ। ਕਰੀਬ ਸਵਾ ਮਹੀਨਾ ਪਹਿਲਾਂ ਪ੍ਰਿਅੰਕਾ ਨੇ ਧੀ ਨੂੰ ਜਨਮ ਦਿੱਤਾ ਪਰ ਉਸ ਦਾ ਪਤੀ ਅਮਿਤ ਚਾਹੁੰਦਾ ਸੀ ਕਿ ਪ੍ਰਿਅੰਕਾ ਬੇਟੇ ਨੂੰ ਜਨਮ ਦੇਵੇ।ਬੇਟੀ ਦੇ ਜਨਮ ਤੋਂ ਬਾਅਦ ਹੀ ਮੀਆਂ ਬੀਬੀ ਦੋਨਾਂ ਵਿਚਕਾਰ ਝਗੜਾ ਰਹਿਣ ਲੱਗਾ। ਇਸ ਗੱਲ ਨੂੰ ਹੀ ਲੈ ਕੇ ਇੱਕ ਵਾਰ ਫਿਰ ਉਨ੍ਹਾਂ ਦਾ ਝਗੜਾ ਸ਼ੁਰੂ ਹੋਇਆ ਤੇ ਅਮਿਤ ਨੇ ਗਾਲੀ-ਗਲੌਚ ਮਗਰੋਂ ਗੁੱਸੇ ’ਚ ਪ੍ਰਿਅੰਕਾ ਦਾ ਗਲਾ ਘੁੱਟ ਦਿੱਤਾ। ਗਲਾ ਘੁੱਟਣ ਕਾਰਨ ਜਦੋਂ ਉਸ ਦੀ ਪਤਨੀ ਦਾ ਸਰੀਰ ਠੰਢਾ ਪੈ ਗਿਆ ਤਾਂ ਆਪਣੇ ਉੱਪਰ ਸ਼ੱਕ ਤੋਂ ਬਚਣ ਲਈ ਉਸ ਨੇ ਆਪ ਹੀ ਰੌਲਾ ਪਾ ਕੇ ਮੁਹੱਲੇ ਵਾਲਿਆਂ ਨੂੰ ਘਰ ਸੱਦ ਲਿਆ। ਅਮਿਤ ਨੇ ਮੁਹੱਲੇ ਵਾਲਿਆਂ ਨੂੰ ਦੱਸਿਆ ਕਿ ਅਚਾਨਕ ਪ੍ਰਿਅੰਕਾ ਬੇਹੋਸ਼ ਹੋ ਕੇ ਡਿੱਗ ਗਈ ਸੀ। ਇਹ ਡਰਾਮਾ ਜਾਰੀ ਰੱਖਦੇ ਹੋਏ ਉਹ ਆਪ ਹੀ ਡਾਕਟਰ ਨੂੰ ਸੱਦ ਕੇ ਲਿਆਇਆ। ਪ੍ਰਿਅੰਕਾ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਗਲੇ ਦੇ ਨਿਸ਼ਾਨ ਤੋਂ ਹੋਇਆ ਕਤਲ ਦਾ ਸ਼ੱਕ
ਆਪਣੇ ਹੀ ਹੱਥੀ ਪਤਨੀ ਦਾ ਗਲਾ ਘੁੱਟ ਕੇ ਜਾਨ ਲੈਣ ਮਗਰੋਂ ਅਮਿਤ ਨੇ ਇਸ ਦੀ ਜਾਣਕਾਰੀ ਪ੍ਰਿਅੰਕਾ ਦੇ ਭਰਾ ਤ੍ਰਿਭੁਵਨ ਨੂੰ ਦਿੱਤੀ। ਅਚਾਨਕ ਭੈਣ ਨਾਲ ਹੋਈ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਦਾ ਸਾਲਾ ਘਰ ਆਇਆ ਪਰ ਜਦ ਉਸ ਨੇ ਪ੍ਰਿਅੰਕਾ ਦੇ ਗਲੇ ਵੱਲ ਧਿਆਨ ਮਾਰਿਆ ਤਾਂ ਗਰਦਨ ’ਤੇ ਨਿਸ਼ਾਨ ਵੇਖ ਕੇ ਉਸ ਨੂੰ ਆਪਣੀ ਭੈਣ ਕਤਲ ਕੀਤੇ ਜਾਣ ਦਾ ਸ਼ੱਕ ਹੋਇਆ। ਹੁਣ ਇਸ ਮਾਮਲੇ ਦੀ ਜਾਣਕਾਰੀ ਥਾਣਾ ਜਮਾਲਪੁਰ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੂੰ ਦੱਸਿਆ ਕਿ ਧੀ ਦੇ ਜਨਮ ਤੋਂ ਬਾਅਦ ਹੀ ਅਮਿਤ ਆਮ ਤੌਰ ’ਤੇ ਪ੍ਰਿਅੰਕਾ ਨਾਲ ਕੁੱਟਮਾਰ ਕਰਦਾ ਸੀ। ਉਨ੍ਹਾਂ ਪੁਲਿਸ ਕੋਲ ਵੀ ਖਦਸ਼ਾ ਜ਼ਾਹਰ ਕੀਤਾ ਕਿ ਪ੍ਰਿਅੰਕਾ ਦੀ ਮੌਤ ਕੁਦਰਤੀ ਨਹੀਂ ਬਲਕਿ ਇਸ ’ਚ ਅਮਿਤ ਪੱਕੇ ਤੌਰ ’ਤੇ ਸ਼ਾਮਲ ਹੈ।
ਪੋਸਟਮਾਰਟਮ ਰਿਪੋਰਟ ਤੋਂ ਹੋਵੇਗਾ ਪੂਰਾ ਖੁਲਾਸਾ
ਥਾਣਾ ਜਮਾਲਪੁਰ ਦੇ ਮੁੱਖ ਅਫਸਰ ਕੁਲਬੀਰ ਸਿੰਘ ਮੁਤਾਬਕ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਆਉਣ ਮਗਰੋ ਮੌਤ ਦੇ ਸਟੀਕ ਕਾਰਨਾ ’ਤੇ ਮੋਹਰ ਲੱਗ ਸਕੇਗੀ। ਬਹਿਰਹਾਲ ਫੋਰੈਸਿਕ ਟੀਮਾਂ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਗਏ ਹਨ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕਰ ਕੇ ਜਲਦੀ ਹੀ ਖੁਲਾਸਾ ਕਰ ਦਿੱਤਾ ਜਾਵੇਗਾ। ਪੁਲਿਸ ਅਧਿਕਾਰੀਆਂ ਮੁਤਾਬਕ ਪ੍ਰਿਅੰਕਾ ਦੇ ਪਤੀ ਨੂੰ ਸ਼ੁਰੂਆਤੀ ਪੜਤਾਲ ਦੌਰਾਨ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।