ਹਜ਼ੂਰ ਸਾਹਿਬ ਵਿਖੇ ਗ਼ੈਰ ਸਿੱਖ ਨੂੰ ਪ੍ਰਬੰਧਕ ਥਾਪਣ ਤੇ ਮਹਾਰਾਸ਼ਟਰਾ ਸਦਨ ਰੈਜ਼ੀਡੈਂਟ ਕਮਿਸ਼ਨਰ ਨੂੰ ਦਿੱਤਾ ਰੋਸ ਭਰਿਆ ਮੰਗ ਪੱਤਰ: ਪਰਮਜੀਤ ਸਿੰਘ ਸਰਨਾ
ਮਹਾਰਾਸ਼ਟਰਾ ਮੁੱਖਮੰਤਰੀ ਨੂੰ ਮਿਲਣ ਲਈ ਸਮਾਂ ਦੇਣ ਦੀ ਕੀਤੀ ਮੰਗ
ਨਵੀਂ ਦਿੱਲੀ 9 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਤਖਤ ਹਜ਼ੂਰ ਸਾਹਿਬ ਵਿਖੇ ਇਕ ਹਿੰਦੂ ਨੂੰ ਪ੍ਰਬੰਧਕ ਲਗਾਉਣ ਦਾ ਮਾਮਲਾ ਗਰਮਾਂਦਾ ਜਾ ਰਿਹਾ ਹੈ ਤੇ ਪੰਥ ਅੰਦਰ ਰੋਸ ਵੱਧ ਰਿਹਾ ਹੈ ਕਿ ਸਿੱਖ ਰਹਿਤ ਮਰਿਯਾਦਾ ਨੂੰ ਇਕ ਪਾਸੇ ਰੱਖ ਕੇ ਸਰਕਾਰ ਬੇਲੋੜੀ ਦਖਲਅੰਦਾਜ਼ੀ ਕਰ ਰਹੀ ਹੈ ਜਿਸ ਨਾਲ ਪੰਥ ਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਸਭ ਗੁਰੂਘਰਾਂ ਨੂੰ ਸਰਕਾਰੀ ਕਬਜ਼ੇ ਹੇਠ ਲਿਆਉਣ ਦੀ ਇਕ ਰਣਨੀਤੀ ਬਣਾਈ ਜਾ ਰਹੀ ਹੈ । ਇਸ ਮਸਲੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨੁਮਾਇੰਦਿਆਂ ਨੇ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਂਠ ਮਹਾਰਾਸ਼ਟਰਾ ਸਦਨ ਦੇ ਰੈਜ਼ੀਡੈਂਟ ਕਮਿਸ਼ਨਰ ਸਰਦਾਰ ਰੁਪਿੰਦਰ ਸਿੰਘ ਨੂੰ ਤੱਖਤ ਸ਼੍ਰੀ ਹਜ਼ੂਰ ਸਾਹਿਬ, ਨੰਦੇੜ, ਮਹਾਰਾਸ਼ਟਰਾ ਵਿਖੇ ਇਕ ਗੈਰ ਸਿੱਖ ਨੂੰ ਤੱਖਤ ਸਾਹਿਬ ਦਾ ਪ੍ਰਬੰਧਕ ਨਿਯੁਕਤ ਕਰਨ ਤੇ ਸਮੂਹ ਸਿੱਖ ਸੰਗਤਾਂ ਵੱਲੋ ਰੋਸ਼ ਵਜੋਂ ਮੈਮੋਰੈਂਡਮ ਦਿੱਤਾ ਤੇ ਮਹਾਰਾਸ਼ਟਰਾ ਦੇ ਮੁੱਖਮੰਤਰੀ ਏਕਨਾਥ ਸ਼ਿੰਦੇ ਨੂੰ ਮਿਲਣ ਦਾ ਸਮਾਂ ਦੇਣ ਦੀ ਅਪੀਲ ਕੀਤੀ। ਉਹਨਾਂ ਲਿਖਿਆ ਕਿ ਦੁਨੀਆਂ ਭਰ ਵਿਚ ਸਿੱਖ ਕੌਮ ਅੰਦਰ ਮਹਾਰਾਸ਼ਟਰ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਰੋਸ ਹੈ ਕਿਉਂਕਿ ਸਿੱਖ ਕੌਮ ਨੂੰ ਇਹ ਬਿਲਕੁਲ ਵੀ ਪ੍ਰਵਾਨ ਨਹੀਂ ਕਿਉਂਕਿ ਇਹ ਸਿੱਖ ਕੌਮ ਦੀਆਂ ਰਵਾਇਤਾਂ ਦੇ ਖਿਲਾਫ ਹੈ। ਉਹਨਾਂ ਲਿਖਿਆ ਕਿ ਇਕ ਗੈਰ ਸਿੱਖ ਕਦੇ ਵੀ ਸਿੱਖ ਗੁਰ ਮਰਿਆਦਾ ਤੇ ਗੁਰਧਾਮਾਂ ਦੀ ਸਾਂਭ ਸੰਭਾਲ ਤੋਂ ਜਾਣੂ ਨਹੀਂ ਹੋ ਸਕਦਾ। ਇਸ ਲਈ ਤੁਰੰਤ ਇਨ੍ਹਾਂ ਨੂੰ ਹਟਾ ਕੇ ਇਕ ਸਿੱਖ ਨੂੰ ਓਥੋਂ ਦਾ ਪ੍ਰਬੰਧਕ ਬਣਾਇਆ ਜਾਏ । ਮਹਾਰਾਸ਼ਟਰਾ ਭਵਨ ਵਿਚ ਮੈਮੋਰੰਡਮ ਦੇਣ ਸਮੇਂ ਸਰਦਾਰ ਸਰਨਾ ਦੇ ਨਾਲ ਦਿੱਲੀ ਇਕਾਈ ਦੇ ਜਨਰਲ ਸਕੱਤਰ ਸਰਦਾਰ ਮਨਮੋਹਨ ਸਿੰਘ ਕੋਛੜ, ਜੋਇੰਟ ਸਕੱਤਰ ਸਰਦਾਰ ਸੁਰਜੀਤ ਸਿੰਘ ਸੋਹੀ, ਮੈਂਬਰ ਸਰਦਾਰ ਦਲਜੀਤ ਸਿੰਘ, ਦਿੱਲੀ ਕਮੇਟੀ ਅਤੇ ਪਾਰਟੀ ਮੈਂਬਰ ਜਤਿੰਦਰ ਸਿੰਘ ਸੋਨੂੰ, ਤਜਿੰਦਰ ਸਿੰਘ ਗੋਪਾ, ਬੀਬੀ ਰਣਜੀਤ ਕੌਰ ਅਤੇ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਵੀ ਸ਼ਾਮਿਲ ਸਨ।